ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਗਸਤ 2023: ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਨਵਾਂਗਾਓਂ (Nayagaon) ਦੇ ਵਿਕਾਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਰਕਾਰੀ ਸੇਵਾਵਾਂ ਹਾਸਲ ਕਰਨ ਲਈ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਨਵਾਂਗਾਓਂ ਦੇ ਲੋਕਾਂ ਨੂੰ ਨਕਸ਼ੇ ਪਾਸ ਕਰਾਉਣ ਅਤੇ ਬਿਜਲੀ ਪਾਣੀ ਦੇ ਕੁਨੈਕਸ਼ਨ ਹਿੱਤ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਲੈਣ ਵਿੱਚ ਆ ਰਹੀ ਦਿੱਕਤ ਬਾਰੇ ਉਨ੍ਹਾਂ ਸਬ-ਡਵਿਜਨਲ ਮੈਜਿਸਟ੍ਰੇਟ ਖਰੜ, ਨਗਰ ਕੌਂਸਲ, ਨਵਾਂਗਾਓਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਇਕ ਹਫ਼ਤੇ ਵਿੱਚ ਨਵਾਂਗਾਓਂ ਨਗਰ ਕੌਂਸਲ ਅਧੀਨ ਆਉਂਦੇ ਸਾਰੇ ਖੇਤਰ ਦੀ ਨਿਸ਼ਾਨਦੇਹੀ ਕਰਵਾ ਕੇ ਇਕ ਰਿਪੋਰਟ ਪੇਸ਼ ਕਰਨ ਕਿ ਕਿਹੜੀ ਜ਼ਮੀਨ ਸ਼ਾਮਲਾਤ ਹੈ ਅਤੇ ਕਿਹੜੀ ਜ਼ਮੀਨ ਸਰਕਾਰ ਜਾਂ ਨਿੱਜੀ ਹੈ ਤਾਂ ਜੋ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕਰਨ ਅਤੇ ਰਜਿਸਟਰੀਆਂ ਕਰਵਾਉਣ ਸਬੰਧੀ ਲੋਕਾਂ ਦੀ ਦਿੱਕਤ ਨੂੰ ਦੂਰ ਕੀਤਾ ਜਾ ਸਕੇ।
ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਤੇ ਦੋ ਮਹੀਨਿਆਂ ਵਿੱਚ ਜਾਰੀ ਕੀਤੇ ਗਏ ਬਿਜਲੀ ਕੁਨੈਕਸ਼ਨ ਸਬੰਧੀ ਪ੍ਰਾਪਤ ਐਨ.ਓ.ਸੀਜ਼ ਦੀਆਂ ਕਾਪੀਆਂ ਈ.ਓ. ਨਵਾਂਗਾਓਂ ਨਾਲ ਸਾਂਝੀਆਂ ਕਰਨ ਤਾਂ ਜੋ ਇਹ ਐਨ.ਓ.ਸੀਜ਼ ਬਾਰੇ ਪਤਾ ਕੀਤਾ ਜਾ ਸਕੇ ਕਿ ਇਹ ਸਹੀ ਜਾਂ ਫ਼ਰਜ਼ੀ ਹਨ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵੱਲੋਂ ਨਵਾਂਗਾਓਂ (Nayagaon) ਵਿੱਚ ਘਰੇਲੂ ਕੂੜਾ-ਕਰਕਟ ਇਕੱਤਰ ਕਰਨ ਲਈ ਇਕ ਏਜੰਸੀ ਹਾਇਰ ਕਰਨ ਦੇ ਆਦੇਸ਼ ਦਿੰਦਿਆਂ ਨਗਰ ਕੌਂਸਲ ਨਵਾਂਗਾਓਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵਾਂਗਾਓਂ ਵਿੱਚ ਨਗਰ ਕੌਂਸਲ ਦੇ ਦਫ਼ਤਰ ਲਈ ਨਵਾਂ ਇਮਾਰਤ ਦੀ ਵੀ ਤਜਵੀਜ਼ ਬਣਾ ਕੇ ਸਰਕਾਰ ਨੂੰ ਭੇਜੀ ਜਾਵੇ। ਇਸ ਤੋਂ ਇਲਾਵਾ ਨਕਸ਼ੇ ਪਾਸ ਕਰਨ ਦੀ ਪ੍ਰੀਕਿਰਿਆਂ ਨੂੰ ਤੇਜ਼ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹਦਾਇਤ ਕੀਤੀ ਗਈ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਫੜ੍ ਕੇ ਨਾਢਾ ਪਿੰਡ ਵਿਖੇ ਸਥਿਤ ਗਊਸ਼ਾਲਾ ਵਿੱਚ ਛੱਡਿਆ ਜਾਵੇ।
ਬਿਜਲੀ ਦੀ ਸਮੱਸਿਆ ਬਾਬਤ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਕੈਬਨਿਟ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵਾਂਗਾਓਂ ਵਿੱਚ ਲਟਕਦੀਆਂ ਤਾਰਾਂ ਅਤੇ ਲੋਡ ਸਬੰਧੀ ਸਾਰੀਆਂ ਦਿੱਕਤਾਂ ਨੂੰ ਜਲਦ ਦਰੁਸਤ ਕੀਤਾ ਜਾਵੇ ਅਤੇ ਨਾਲ ਹੀ ਤਕਨੀਕੀ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਮੀਟਿੰਗ ਵਿੱਚ ਸਬ-ਡਵਿਜਨਲ ਮੈਜਿਸਟ੍ਰੇਟ ਖਰੜ ਰਵਿੰਦਰ ਸਿੰਘ, ਨਗਰ ਕੌਂਸਲ ਨਵਾਂਗਾਓਂ ਦੇ ਪ੍ਰਧਾਨ ਬਲਵਿੰਦਰ ਕੌਰ, ਈ.ਓ. ਭੁਪਿੰਦਰ ਸਿੰਘ ਤੋਂ ਇਲਾਵਾ ਨਗਰ ਕੌਂਸਲ ਨਵਾਂਗਾਓਂ ਦੇ ਸਮੂਹ ਐਮ.ਸੀਜ਼ ਹਾਜ਼ਰ ਸਨ।