July 2, 2024 6:05 pm
Kurali

ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕੁਰਾਲੀ ਦੇ ਸਰਬਪੱਖੀ ਵਿਕਾਸ ਨੂੰ ਰਫ਼ਤਾਰ ਦੇਣ ਲਈ MC ਦਫਤਰ ਕੁਰਾਲੀ ਦਾ ਦੌਰਾ

ਕੁਰਾਲੀ, 3 ਅਕਤੂਬਰ 2023: ਪੰਜਾਬ ਦੇ ਕੈਬਿਨਟ ਮੰਤਰੀ ਅਤੇ ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਨਗਰ ਕੌਂਸਲ ਦਫਤਰ ਕੁਰਾਲੀ (Kurali) ਦਾ ਦੌਰਾ ਕੀਤਾ ਅਤੇ ਕੁਰਾਲੀ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰੀ ਲੋਕਲ ਬਾਡੀਜ਼ ਅਧਿਕਾਰੀਆਂ ਦੀ ਇੱਕ ਮੈਰਾਥਨ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੱਛਤਾ ਦੇ ਵਹਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਡਰਾਇੰਗ ਮੁਕਾਬਲੇ ਅਤੇ ਸਵੱਛਤਾ ਮੁਹਿੰਮ ਵਿੱਚ ਹਿੱਸਾ ਲਿਆ। ਰਾਮ ਰਾਏ ਪਬਲਿਕ ਸਕੂਲ ਕੁਰਾਲੀ ਦੇ ਵਿਦਿਆਰਥੀਆਂ ਨੂੰ ‘ਵੇਸਟ ਟੂ ਯੂਜ਼’ ਗਤੀਵਿਧੀ ਵਿੱਚ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ ਜਦੋਂ ਕਿ ਆਈ ਪੀ ਐਸ ਪਬਲਿਕ ਸਕੂਲ ਨੇ ‘ਪਲਾਸਟਿਕ ਡਰਾਈਵ’ ਗਤੀਵਿਧੀ ਵਿੱਚ ਭਾਗ ਲੈਣ ਲਈ ਸਨਮਾਨ ਹਾਸਲ ਕੀਤਾ। ਇਸੇ ਤਰ੍ਹਾਂ ਹਰਕਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੇਂਟਿੰਗ ਗਤੀਵਿਧੀ ਲਈ ਇਨਾਮ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਫ਼ਾਈ ਅਭਿਆਨ ਵਿੱਚ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ। ਨਗਰ ਕੌਂਸਲ ਕੁਰਾਲੀ ਦੇ ਸਫਾਈ ਕਰਮਚਾਰੀ ਪੱਪੂ ਨੂੰ ਵਧੀਆ ਕਾਰਗੁਜ਼ਾਰੀ ਵਾਲੇ ਕਰਮਚਾਰੀ ਵਜੋਂ ਸਨਮਾਨਿਤ ਕੀਤਾ ਗਿਆ। ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਮੰਤਰੀ ਨੇ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਕੁਰਾਲੀ (Kurali) ਦੇ ਸਰਵਪੱਖੀ ਵਿਕਾਸ ਲਈ 4 ਕਰੋੜ ਰੁਪਏ ਦੇ ਕੰਮਾਂ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਜਦਕਿ 14 ਕਰੋੜ ਰੁਪਏ ਦੇ ਕੰਮ ਟੈਂਡਰਿੰਗ ਪ੍ਰਕਿਰਿਆ ਵੱਲ ਵੱਧ ਰਹੇ ਹਨ।
ਕੰਮਾਂ ਦੀ ਗੁਣਵੱਤਾ ਬਰਕਰਾਰ ਰੱਖਣ ‘ਤੇ ਜ਼ੋਰ ਦਿੰਦਿਆਂ ਮੰਤਰੀ ਨੇ ਨਗਰ ਨਿਗਮ ਦੇ ਸਟਾਫ਼ ਨੂੰ ਸਮੱਗਰੀ ਦੇ ਨਮੂਨਿਆਂ ਦੀ ਜਾਂਚ ਕਰਕੇ ਕੰਮਾਂ ਦੀ ਪ੍ਰਗਤੀ ‘ਤੇ ਨਜ਼ਰ ਰੱਖਣ ਲਈ ਕਿਹਾ।

ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੈਰ-ਕਾਨੂੰਨੀ ਕਾਲੋਨਾਈਜ਼ਰਾਂ ਤੋਂ ਈ.ਡੀ.ਸੀਜ਼ ਦੀ ਵਸੂਲੀ ਲਈ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ 60 ਦੇ ਕਰੀਬ ਅਜਿਹੀਆਂ ਕਲੋਨੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।

ਮੰਤਰੀ ਨੇ ਨਗਰ ਕੌਸਲ ਨੂੰ ਪੌਦੇ ਲਗਾਉਣ ਲਈ ਕਿਹਾ ਤਾਂ ਜੋ ਸ਼ਹਿਰ ਵਿੱਚ ਹਰਿਆਲੀ ਵਧਾਉਣ ਦੇ ਨਾਲ ਨਾਲ ਸੜਕਾਂ ਨੂੰ ਸੁੰਦਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਫੇਰ ਦੌਰਾ ਕਰਕੇ ਪ੍ਰਗਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਸਫਾਈ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਮੰਤਰੀ ਅਨਮੋਲ ਗਗਨ ਮਾਨ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਨਤਕ ਸਮੱਸਿਆਵਾਂ ਜਿਵੇਂ ਕਿ ਜਲ ਸਪਲਾਈ, ਸਟਰੀਟ ਲਾਈਟਾਂ ਅਤੇ ਸੈਨੀਟੇਸ਼ਨ ਦੇ ਮੁੱਦਿਆਂ ‘ਤੇ ਨਜ਼ਰ ਰੱਖਣ ਅਤੇ ਬੁਨਿਆਦੀ ਲੋੜਾਂ ਦੀ ਸਹੂਲਤ ਲੈਣ ਲਈ ਕੋਈ ਵੀ ਵਿਅਕਤੀ ਅਣਗੌਲਿਆ ਮਹਿਸੂਸ ਨਾ ਕਰੇ। ਇਸ ਮੌਕੇ ਈ.ਓ ਪਰਮਿੰਦਰ ਸਿੰਘ ਭੱਟੀ ਅਤੇ ਨਗਰ ਕੌਂਸਲ ਦਾ ਹੋਰ ਇੰਜੀਨੀਅਰਿੰਗ ਸਟਾਫ਼ ਹਾਜ਼ਰ ਸੀ।