ਚੰਡੀਗੜ੍ਹ, 18 ਮਾਰਚ 2023: ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਅਦਾਰੇ ਮਿਲਕਫੈੱਡ (Milkfed) ਲਈ 100 ਕਰੋੜ ਰੁਪਏ ਬਜਟ ਚ ਰੱਖੇ ਗਏ ਹਨ | ਉਥੇ ਹੀ ਮਿਲਕਫੈੱਡ ਵੱਲੋਂ ਵੀ ਸੂਬੇ ਅੰਦਰ ਪਸ਼ੂ ਧਨ ਨੂੰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਮਿਲਕਫੈੱਡ ਖੰਨਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੇ ਦੱਸਿਆ ਕਿ ਮਿਲਕਫੈੱਡ ਵੱਲੋਂ ਇੱਕ ਵਿਸ਼ੇਸ਼ ਫੀਡ ਤਿਆਰ ਕੀਤੀ ਗਈ ਹੈ, ਜਿਸ ਨਾਲ ਪਸ਼ੂ ਉਤਪਾਦਕ ਇੱਕ ਸਾਲ ਐਡਵਾਂਸ ‘ਚ ਪਸ਼ੂ ਤੋਂ ਦੁੱਧ ਪ੍ਰਾਪਤ ਕਰ ਸਕਦੇ ਹਨ।
ਇਸ ਫੀਡ ਨਾਲ ਪਸ਼ੂ 13 ਤੋਂ 15 ਮਹੀਨੇ ਅੰਦਰ ਗਰਭਕਾਲ ਦੀ ਅਵਸਥਾ ‘ਚ ਆਵੇਗਾ। ਜਦਕਿ ਪਹਿਲਾਂ ਪਸ਼ੂ ਨੂੰ ਗਰਭਕਾਲ ਲਈ 24 ਤੋਂ 30 ਮਹੀਨੇ ਦਾ ਸਮਾਂ ਲੱਗਦਾ ਹੈ। ਪੰਜਾਬ ਸਰਕਾਰ ਵੱਲੋਂ ਇਸ ਫੀਡ ਦੀ ਵਰਤੋਂ ਕਰਨ ਵਾਲੇ ਪਸ਼ੂ ਉਤਪਾਦਕਾਂ ਲਈ ਸਬਸਿਡੀ ਵੀ ਦਿੱਤੀ ਜਾਵੇਗੀ। ਜਨਰਲ ਮੈਨੇਜਰ ਨੇ ਦੱਸਿਆ ਕਿ ਇਸ ਫੀਡ ਦੇ ਨਾਲ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਫਾਇਦਾ ਹੋਵੇਗਾ।
ਇੱਕ ਤਾਂ ਕਿਸਾਨ ਐਡਵਾਂਸ ‘ਚ ਇੱਕ ਸਾਲ ਪਹਿਲਾਂ ਪਸ਼ੂ ਕੋੋਲੋ ਦੁੱਧ ਪ੍ਰਾਪਤ ਕਰਨਗੇ। ਇਸ ਫੀਡ ਦੀ ਵਰਤੋਂ ਨਾਲ ਜੇਕਰ ਪਸ਼ੂ 13ਵੇਂ ਮਹੀਨੇ ਗਰਭਕਾਲ ਦੀ ਅਵਸਥਾ ਚ ਆਉਂਦਾ ਹੈ ਤਾਂ ਕਿਸਾਨ ਨੂੰ 25 ਫੀਸਦੀ ਸਬਸਿਡੀ ਮਿਲੇਗੀ। 14ਵੇਂ ਮਹੀਨੇ ਦੌਰਾਨ 7500 ਰੁਪਏ ਅਤੇ 15ਵੇਂ ਮਹੀਨੇ ਦੌਰਾਨ 5500 ਰੁਪਏ ਸਬਸਿਡੀ ਦਿੱਤੀ ਜਾਵੇਗੀ।
ਇਸ ਫੀਡ ਨੂੰ ਤਿਆਰ ਕਰਨ ਦਾ ਮਕਸਦ ਇਹੀ ਹੈ ਕਿ ਪੰਜਾਬ ਅੰਦਰ ਦੁੱਧ ਦੀ ਮੰਗ ਵਧ ਰਹੀ ਹੈ ਅਤੇ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ। ਇਹਨਾਂ ਹਾਲਾਤਾਂ ਚੋਂ ਸੂਬੇ ਨੂੰ ਬਾਹਰ ਕੱਢਣ ਅਤੇ ਕਿਸਾਨਾਂ ਦੀ ਕਮਾਈ ਦੇ ਸਾਧਨ ਵਧਾਉਣ ਲਈ ਫੀਡ ਤਿਆਰ ਕੀਤੀ ਗਈ ਹੈ। ਜਨਰਲ ਮੈਨੇਜਰ ਨੇ ਕਿਹਾ ਕਿ ਇਸ ਫੀਡ ਨਾਲ ਪਸ਼ੂ ਦੇ ਸ਼ਰੀਰ ਉਪਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ।