ਮੁੰਬਈ 22 ਮਈ 2025: MI ਬਨਾਮ DC: ਮੁੰਬਈ ਇੰਡੀਅਨਜ਼ ਨੇ ਆਪਣੇ ਘਰੇਲੂ ਮੈਦਾਨ ‘ਤੇ ਦਿੱਲੀ ਕੈਪੀਟਲਜ਼ ਨੂੰ 59 ਦੌੜਾਂ ਨਾਲ ਹਰਾ ਕੇ ਦਿੱਲੀ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਮੁੰਬਈ ਆਈਪੀਐਲ 2025 ਦੇ ਪਲੇਆਫ ‘ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ। ਇਸ ਤੋਂ ਪਹਿਲਾਂ, ਗੁਜਰਾਤ ਟਾਈਟਨਸ, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ |
ਬੀਤੇ ਦਿਨ ਵਾਨਖੇੜੇ ਸਟੇਡੀਅਮ ‘ਚ ਖੇਡੇ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੇ ਸੂਰਿਆਕੁਮਾਰ ਯਾਦਵ ਦੀ ਅਰਧ-ਸੈਂਕੜੇ ਵਾਲੀ ਪਾਰੀ ਦੇ ਆਧਾਰ ‘ਤੇ ਪੰਜ ਵਿਕਟਾਂ ਦੇ ਨੁਕਸਾਨ ‘ਤੇ 180 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਕੈਪੀਟਲਜ਼ ਦੀ ਟੀਮ 18.2 ਓਵਰਾਂ ‘ਚ ਸਿਰਫ਼ 121 ਦੌੜਾਂ ਹੀ ਬਣਾ ਸਕੀ ਅਤੇ ਆਲ ਆਊਟ ਹੋ ਗਈ। ਮੁੰਬਈ ਲਈ ਜਸਪ੍ਰੀਤ ਬੁਮਰਾਹ ਅਤੇ ਮਿਸ਼ੇਲ ਸੈਂਟਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦੋਂ ਕਿ ਟ੍ਰੇਂਟ ਬੋਲਟ, ਦੀਪਕ ਚਾਹਰ, ਵਿਲ ਜੈਕਸ ਅਤੇ ਕਰਨ ਸ਼ਰਮਾ ਨੇ ਇੱਕ-ਇੱਕ ਵਿਕਟ ਲਈ।
ਦਿੱਲੀ ਨੂੰ ਹਰਾ (MI ਬਨਾਮ DC) ਕੇ, ਮੁੰਬਈ ਨੇ ਸਿੱਧੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਹਾਲਾਂਕਿ, ਦੋਵਾਂ ਟੀਮਾਂ ਦਾ ਗਰੁੱਪ ਪੜਾਅ ‘ਚ ਅਜੇ ਵੀ ਇੱਕ-ਇੱਕ ਮੈਚ ਬਾਕੀ ਹੈ। ਦਿੱਲੀ ਕੈਪੀਟਲਜ਼ 24 ਮਈ (ਸ਼ਨੀਵਾਰ) ਨੂੰ ਪੰਜਾਬ ਕਿੰਗਜ਼ ਨਾਲ ਭਿੜੇਗੀ ਜਦੋਂ ਕਿ ਮੁੰਬਈ ਇੰਡੀਅਨਜ਼ 26 ਮਈ (ਸੋਮਵਾਰ) ਨੂੰ ਪੰਜਾਬ ਕਿੰਗਜ਼ ਨਾਲ ਭਿੜੇਗੀ। ਇਹ ਦੋਵੇਂ ਮੈਚ ਜੈਪੁਰ ‘ਚ ਖੇਡੇ ਜਾਣਗੇ।
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਨੂੰ ਉਸਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਉਨ੍ਹਾਂ ਲਈ ਸਮੀਰ ਰਿਜ਼ਵੀ ਨੇ ਸਭ ਤੋਂ ਵੱਧ 39 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ, ਸਿਰਫ਼ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕ ਨੂੰ ਛੂਹ ਸਕੇ। ਇਨ੍ਹਾਂ ਵਿੱਚ ਕੇਐਲ ਰਾਹੁਲ (11), ਵਿਪ੍ਰਜ ਨਿਗਮ (20) ਅਤੇ ਆਸ਼ੂਤੋਸ਼ ਸ਼ਰਮਾ (18) ਸ਼ਾਮਲ ਹਨ। ਮੁੰਬਈ ਖਿਲਾਫ ਮੈਚ ‘ਚ ਟੀਮ ਦੇ ਨਿਯਮਤ ਕਪਤਾਨ ਅਕਸ਼ਰ ਪਟੇਲ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਖੇਡੇ।
ਉਨ੍ਹਾਂ ਦੀ ਜਗ੍ਹਾ, ਫਾਫ ਡੂ ਪਲੇਸਿਸ ਨੇ ਦਿੱਲੀ ਦੀ ਅਗਵਾਈ ਕੀਤੀ। ਉਹ ਸਿਰਫ਼ ਛੇ ਦੌੜਾਂ ਹੀ ਬਣਾ ਸਕਿਆ। ਇਸ ਤੋਂ ਇਲਾਵਾ ਅਭਿਸ਼ੇਕ ਪੋਰੇਲ ਨੇ ਛੇ, ਟ੍ਰਿਸਟਨ ਸਟੱਬਸ ਨੇ ਦੋ, ਮਾਧਵ ਤਿਵਾੜੀ ਨੇ ਤਿੰਨ ਅਤੇ ਕੁਲਦੀਪ ਯਾਦਵ ਨੇ ਸੱਤ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮੁਸਤਫਿਜ਼ੁਰ ਰਹਿਮਾਨ ਖਾਤਾ ਵੀ ਨਹੀਂ ਖੋਲ੍ਹ ਸਕਿਆ ਜਦੋਂ ਕਿ ਦੁਸ਼ਮੰਥਾ ਚਮੀਰਾ ਅੱਠ ਦੌੜਾਂ ਬਣਾ ਕੇ ਨਾਬਾਦ ਰਿਹਾ।
Read More: IPL 2025: ਮੁੱਲਾਂਪੁਰ ਸਟੇਡੀਅਮ ‘ਚ ਹੋਵੇਗਾ ਕੁਆਲੀਫਾਇਰ-1 ਮੈਚ, ਜਾਣੋ ਕਿੱਥੇ ਖੇਡਿਆ ਜਾਵੇਗਾ ਫਾਈਨਲ ?