Chandigarh

ਮੌਸਮ ਵਿਭਾਗ ਦੀ ਚਿਤਾਵਨੀ, ਚੰਡੀਗੜ੍ਹ ‘ਚ ਅਗਲੇ ਦੋ ਦਿਨਾਂ ਦੌਰਾਨ ਵਿਗੜੇਗਾ ਮੌਸਮ

ਚੰਡੀਗੜ੍ਹ, 13 ਸਤੰਬਰ 2023: ਮੌਸਮ ਵਿਭਾਗ ਨੇ 15 ਤੋਂ 17 ਸਤੰਬਰ ਤੱਕ ਤਿੰਨ ਦਿਨ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਇਸਦੇ ਤਹਿਤ ਚੰਡੀਗੜ੍ਹ (Chandigarh) ‘ਚ ਅਗਲੇ ਦੋ ਦਿਨ ਆਸਮਾਨ ‘ਚ ਬੱਦਲ ਛਾਏ ਰਹਿਣਗੇ। ਮੌਸਮ ਵਿਭਾਗ ਦੇ ਮੁਤਾਬਕ ਖ਼ਰਾਬ ਮੌਸਮ ਦੇ ਚੱਲਦਿਆਂ ਗਰਜ, ਚਮਕ ਤੇ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਭਲਕੇ ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।

ਮੌਸਮ ਵਿਭਾਗਦੇ ਮੁਤਾਬਕ ਚੰਡੀਗੜ੍ਹ (Chandigarh) ਵਿੱਚ 14 ਤੇ 15 ਸਤੰਬਰ ਨੂੰ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਜੁਲਾਈ ਤੇ ਅਗਸਤ ਵਿੱਚ ਹੋਈ ਬਾਰਸ਼ ਤੋਂ ਬਾਅਦ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਸੀ। ਸੁਖਨਾ ਝੀਲ ਦੀ ਵੱਧ ਤੋਂ ਵੱਧ ਸਮਰੱਥਾ 1163 ਫੁੱਟ ਤੱਕ ਹੈ। ਜੇਕਰ ਪਾਣੀ ਇਸ ਪੱਧਰ ਤੋਂ ਉੱਪਰ ਪਹੁੰਚ ਜਾਂਦਾ ਹੈ ਤਾਂ ਖ਼ਤਰਾ ਮੰਨਿਆ ਜਾਂਦਾ ਹੈ। ਜਿਸਦੇ ਚੱਲਦੇ ਇਸਦੇ ਫਲੱਡ ਗੇਟਾਂ ਨੂੰ ਵਾਰ-ਵਾਰ ਖੋਲ੍ਹਣਾ ਪੈਂਦਾ ਹੈ।

ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 1099.1 ਐਮਐਮ ਬਾਰਸ਼ ਹੋਈ ਹੈ ਜੋ ਕਿ ਆਮ ਨਾਲੋਂ 36 ਫੀਸਦੀ ਵੱਧ ਹੈ। ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ 800 ਮਿਲੀਮੀਟਰ ਮੀਂਹ ਪਿਆ। ਜਦੋਂਕਿ ਅਗਸਤ ਵਿੱਚ 159.1 ਐਮਐਮ ਵਰਖਾ ਹੋਈ ਸੀ।

 

Scroll to Top