ਚੰਡੀਗੜ੍ਹ, 12 ਫਰਵਰੀ 2024: ਪਿਛਲੇ ਕੁਝ ਦਿਨਾਂ ਤੋਂ ਉੱਤਰੀ ਭਾਰਤ (North India) ਦੇ ਸੂਬਿਆਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਇਨ੍ਹੀਂ ਦਿਨੀਂ ਰਾਤ ਦਾ ਤਾਪਮਾਨ 7 ਡਿਗਰੀ ਤੋਂ 12 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ 4 ਦਿਨਾਂ ‘ਚ ਮੌਸਮ ‘ਚ ਬਦਲਾਅ ਆਵੇਗਾ । ਹਾਲਾਂਕਿ, 17 ਫਰਵਰੀ ਨੂੰ ਉੱਤਰੀ ਭਾਰਤ ਦੇ ਖੇਤਰਾਂ ਵਿੱਚ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ।
ਇਸ ਦੌਰਾਨ ਨਾ ਸਿਰਫ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਸਗੋਂ ਪਹਾੜੀ ਇਲਾਕਿਆਂ ‘ਚ ਬਰਫਬਾਰੀ ਦੇ ਨਾਲ-ਨਾਲ ਕਈ ਇਲਾਕਿਆਂ ‘ਚ ਗੜੇਮਾਰੀ ਵੀ ਹੋ ਸਕਦੀ ਹੈ। ਵਿਭਾਗ ਦੇ ਅਨੁਮਾਨ ਮੁਤਾਬਕ ਇਸ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਗੜਬੜੀ ਦੀ ਗਤੀਵਿਧੀ ਕਾਰਨ ਉੱਤਰ-ਪੱਛਮੀ ਹਿਮਾਲੀਅਨ ਖੇਤਰ ਵਿੱਚ ਮੌਸਮ ਵਿੱਚ ਬਦਲਾਅ ਆਇਆ ਸੀ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ 17 ਜਨਵਰੀ ਤੋਂ ਉੱਤਰ-ਪੱਛਮੀ ਹਿਮਾਲੀਅਨ ਖੇਤਰ ਵਿੱਚ ਪੱਛਮੀ ਗੜਬੜੀ ਦੀ ਗਤੀਵਿਧੀ ਇੱਕ ਵਾਰ ਫਿਰ ਵਧਣ ਜਾ ਰਹੀ ਹੈ।
ਇਸ ਦਾ ਪ੍ਰਭਾਵ ਉੱਤਰੀ ਭਾਰਤ (North India) ਦੇ ਪਹਾੜੀ ਖੇਤਰਾਂ ‘ਤੇ ਹੀ ਨਹੀਂ ਸਗੋਂ ਮੈਦਾਨੀ ਇਲਾਕਿਆਂ ‘ਤੇ ਵੀ ਹੈ। ਜਿੱਥੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ, ਉੱਥੇ ਹੀ ਪਹਾੜੀ ਇਲਾਕਿਆਂ ‘ਚ ਬਰਫਬਾਰੀ ਦੇ ਨਾਲ-ਨਾਲ ਹੇਠਲੇ ਹਿੱਸਿਆਂ ‘ਚ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਇਹ ਗਤੀਵਿਧੀ ਤਿੰਨ ਤੋਂ ਚਾਰ ਦਿਨ ਜਾਰੀ ਰਹਿ ਸਕਦੀ ਹੈ। ਇਸ ਹਫਤੇ ਸ਼ੁੱਕਰਵਾਰ ਤੋਂ ਅਗਲੇ ਸੋਮਵਾਰ ਤੱਕ ਮੌਸਮ ‘ਚ ਬਦਲਾਅ ਹੋ ਸਕਦਾ ਹੈ।