ਚੰਡੀਗੜ੍ਹ 16 ਜਨਵਰੀ 2023 : ਪੰਜਾਬ, ਹਰਿਆਣਾ, ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ ਅਤੇ ਸਫਦਰਜੰਗ ਆਬਜ਼ਰਵੇਟਰੀ ਵਿੱਚ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 1 ਜਨਵਰੀ, 2021 ਤੋਂ ਬਾਅਦ ਇਸ ਮਹੀਨੇ ਦਾ ਸਭ ਤੋਂ ਘੱਟ ਤਾਪਮਾਨ ਹੈ। ਦੂਜੇ ਪਾਸੇ ਪੰਜਾਬ ਦਾ ਫ਼ਰੀਦਕੋਟ ‘ਚ ਰਾਤ ਨੂੰ -1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ।ਇਸਦੇ ਨਾਲ ਹੀ ਮੋਗਾ ‘ਚ 0.5, ਬਠਿੰਡਾ ‘ਚ 1 ਡਿਗਰੀ, ਬਰਨਾਲਾ ‘ਚ 1.9 ਡਿਗਰੀ, ਅੰਮ੍ਰਿਤਸਰ ‘ਚ 1.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਸੂਬੇ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ‘ਚ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਤੋਂ ਹੇਠਾਂ ਰਿਹਾ। ਪੰਜਾਬ ‘ਚ ਐਤਵਾਰ ਰਿਹਾ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ। ਅਗਲੇ 4 ਦਿਨ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ੍ਹ ਲਈ ਔਰੇਂਜ ਅਲਰਟ ਅਤੇ 18 ਤੋਂ 19 ਜਨਵਰੀ ਲਈ ਯੈਲੋ ਅਲਰਟ ਜਾਰੀ ਹੈ।
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਖੁਸ਼ਕ ਮੌਸਮ ਦੌਰਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਜਤਾਈ ਹੈ। ਪੰਜਾਬ ‘ਚ ਅੱਜ ਸੂਰਜ ਚੜ੍ਹਨ ਦਾ ਸਮਾਂ 7:25 ‘ਤੇ ਹੋਵੇਗਾ, ਫਿਰ ਉਹੀ ਸੂਰਜ ਡੁੱਬਣ ਦਾ ਸਮਾਂ 5:48 ‘ਤੇ ਹੋਵੇਗਾ। ਜੇਕਰ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਰਾਜਧਾਨੀ ਚੰਡੀਗੜ੍ਹ ‘ਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਰਿਹਾ, ਜਦਕਿ ਅੰਮ੍ਰਿਤਸਰ ‘ਚ ਇਹ 3.4 ਡਿਗਰੀ ਸੈਲਸੀਅਸ ਰਿਹਾ। ਪਟਿਆਲਾ ਵਿੱਚ 3.6 ਡਿਗਰੀ ਸੈਲਸੀਅਸ ਲੁਧਿਆਣਾ ਵਿੱਚ ਵੀ ਇਹੀ ਤਾਪਮਾਨ 14.2 ਡਿਗਰੀ ਸੈਲਸੀਅਸ ਰਿਹਾ।
ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ 20 ਜਨਵਰੀ ਤੋਂ ਬਾਅਦ ਤਾਪਮਾਨ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 22 ਤੋਂ 24 ਜਨਵਰੀ ਤੱਕ ਹਰਿਆਣਾ ਦੇ ਕਈ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 23 ਅਤੇ 24 ਜਨਵਰੀ ਨੂੰ ਹਲਕੀ ਬਾਰਿਸ਼ ਦੇ ਨਾਲ-ਨਾਲ 15 ਤੋਂ 25 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।