ਚੰਡੀਗੜ੍ਹ, 27 ਅਪ੍ਰੈਲ 2023: ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਚੀਨੀ ਰੱਖਿਆ ਮੰਤਰੀ ਲੀ ਸ਼ਾਂਗਫੂ ਨਾਲ ਗੱਲਬਾਤ ਕੀਤੀ। ਨਵੀਂ ਦਿੱਲੀ ਵਿੱਚ ਹੋਈ ਇਹ ਮੀਟਿੰਗ SCO ਰੱਖਿਆ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਹੋਈ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ-ਚੀਨ ਸਬੰਧਾਂ ਦਾ ਵਿਕਾਸ ਸਰਹੱਦਾਂ ‘ਤੇ ਸ਼ਾਂਤੀ ‘ਤੇ ਨਿਰਭਰ ਕਰਦਾ ਹੈ। LAC ‘ਤੇ ਸਾਰੇ ਮੁੱਦਿਆਂ ਨੂੰ ਮੌਜੂਦਾ ਦੁਵੱਲੇ ਸਮਝੌਤਿਆਂ ਅਤੇ ਵਚਨਬੱਧਤਾਵਾਂ ਅਨੁਸਾਰ ਹੱਲ ਕਰਨ ਦੀ ਲੋੜ ਹੈ। ਦੋਵੇਂ ਦੇਸ਼ਾਂ ਦੇ ਰਿਸ਼ਤੇ ਤਾਂ ਹੀ ਮਜ਼ਬੂਤ ਹੋ ਸਕਦੇ ਹਨ ਜਦੋਂ ਸਰਹੱਦ ‘ਤੇ ਸ਼ਾਂਤੀ ਹੋਵੇ |
ਭਾਰਤ SCO ਰੱਖਿਆ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਤਿੰਨ ਸਾਲ ਪਹਿਲਾਂ ਪੂਰਬੀ ਲੱਦਾਖ ਵਿੱਚ ਸਰਹੱਦੀ ਵਿਵਾਦ ਤੋਂ ਬਾਅਦ ਚੀਨੀ ਰੱਖਿਆ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਕੁਝ ਦਿਨ ਪਹਿਲਾਂ, ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਸਰਹੱਦੀ ਵਿਵਾਦ ਨੂੰ ਖਤਮ ਕਰਨ ਲਈ ਫੌਜੀ ਵਾਰਤਾ ਦੇ ਲਈ 18ਵੇਂ ਦੌਰ ਦਾ ਆਯੋਜਨ ਕੀਤਾ ਸੀ।
23 ਅਪ੍ਰੈਲ ਨੂੰ ਹੋਈ 18ਵੇਂ ਦੌਰ ਦੀ ਕੋਰ ਕਮਾਂਡਰ ਵਾਰਤਾ ਵਿੱਚ ਦੋਵੇਂ ਧਿਰਾਂ ਸੰਪਰਕ ਬਣਾਈ ਰੱਖਣ ਅਤੇ ਪੂਰਬੀ ਲੱਦਾਖ ਵਿੱਚ ਬਕਾਇਆ ਮੁੱਦਿਆਂ ਦਾ ਜਲਦੀ ਤੋਂ ਜਲਦੀ ਇੱਕ ਆਪਸੀ ਸਵੀਕਾਰਯੋਗ ਹੱਲ ਲੱਭਣ ਲਈ ਸਹਿਮਤ ਹੋਈਆਂ। ਹਾਲਾਂਕਿ ਵਿਵਾਦ ਨੂੰ ਖਤਮ ਕਰਨ ਲਈ ਅੱਗੇ ਵਧਣ ਦਾ ਕੋਈ ਸਪੱਸ਼ਟ ਸੰਕੇਤ ਨਹੀਂ ਸੀ। ਭਾਰਤ ਦਾ ਸਪੱਸ਼ਟ ਸਟੈਂਡ ਹੈ ਕਿ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨਹੀਂ ਹੁੰਦੀ, ਚੀਨ ਨਾਲ ਉਸ ਦੇ ਸਬੰਧ ਆਮ ਵਾਂਗ ਨਹੀਂ ਹੋ ਸਕਦੇ। ਚੀਨੀ ਵਿਦੇਸ਼ ਮੰਤਰੀ ਵੀ ਅਗਲੇ ਹਫਤੇ ਗੋਆ ਵਿੱਚ SCO ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣ ਵਾਲੇ ਹਨ। ਮੀਟਿੰਗ 4 ਅਤੇ 5 ਮਈ ਨੂੰ ਹੋਣੀ ਹੈ।