ਚੰਡੀਗੜ੍ਹ, 11 ਨਵੰਬਰ 2023: ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਤਾਜ਼ਾ ਮੀਂਹ ਅਤੇ ਬਰਫਬਾਰੀ (Snowfall) ਕਾਰਨ ਸ਼ੁੱਕਰਵਾਰ ਨੂੰ ਪਾਰਾ ਹੋਰ ਡਿੱਗ ਗਿਆ। ਇਸ ਦੌਰਾਨ ਤੂਫਾਨ, ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੂਬੇ ਦੇ ਕੁਝ ਇਲਾਕਿਆਂ ‘ਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਕੁੱਲੂ ਅਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਦੇ ਉੱਪਰਲੇ ਹਿੱਸੇ ਵਿੱਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਮਹੱਤਵਪੂਰਨ ਲੇਹ-ਮਨਾਲੀ ਰਾਸ਼ਟਰੀ ਰਾਜਮਾਰਗ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਅਟਲ ਸੁਰੰਗ, ਸਿਸੂ, ਕੋਕਸਰ ਅਤੇ ਰੋਹਤਾਂਗ ਪਾਸ ਦੇ ਨੇੜੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ।
ਲਾਹੌਲ ਅਤੇ ਸਪਿਤੀ ਦੇ ਐਸਪੀ ਮਯੰਕ ਚੌਧਰੀ ਨੇ ਦੱਸਿਆ ਕਿ ਤਾਜ਼ਾ ਬਰਫ਼ਬਾਰੀ (Snowfall) ਕਾਰਨ ਦਾਰਚਾ ਤੋਂ ਸਰਚੂ ਅਤੇ ਕੋਕਸਰ ਤੋਂ ਰੋਹਤਾਂਗ ਤੱਕ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ ਅਤੇ ਬਰਫਬਾਰੀ ਕਾਰਨ ਰਾਸ਼ਟਰੀ ਰਾਜਮਾਰਗ 505 (ਸੁਮਦੋ-ਕਾਜਾ-ਗ੍ਰੰਫੂ) ‘ਤੇ ਆਵਾਜਾਈ ਵੀ ਠੱਪ ਰਹੀ।
ਸੂਬੇ ਦੀ ਰਾਜਧਾਨੀ ਸ਼ਿਮਲਾ ‘ਚ ਠੰਡੀਆਂ ਹਵਾਵਾਂ ਦੇ ਨਾਲ ਰੁਕ-ਰੁਕ ਕੇ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਸ਼ਹਿਰ ਕਾਲੇ ਬੱਦਲਾਂ ਅਤੇ ਧੁੰਦ ਨਾਲ ਢੱਕਿਆ ਹੋਇਆ ਹੈ ਅਤੇ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸਦੇ ਨਾਲ ਹੀ ਕਿਨੌਰ, ਲਾਹੌਲ ਅਤੇ ਸਪਿਤੀ, ਕੁੱਲੂ ਅਤੇ ਰੋਹਤਾਂਗ ਪਾਸ, ਧੌਲਾਧਰ ਰੇਂਜ ਅਤੇ ਪਿਨ ਵੈਲੀ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਈ ਜਦਕਿ ਧੁੰਦ ਨਾਲ ਘਿਰੀ ਧਰਮਸ਼ਾਲਾ ਵਿੱਚ ਵੀ ਮੱਧਮ ਬਾਰਿਸ਼ ਹੋਈ।
ਸਥਾਨਕ ਮੌਸਮ ਵਿਗਿਆਨ ਕੇਂਦਰ ਨੇ ਚੰਬਾ, ਕਾਂਗੜਾ, ਊਨਾ, ਹਮੀਰਪੁਰ, ਬਿਲਾਸਪੁਰ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ ਅਤੇ ਲਾਹੌਲ ਦੇ ਵੱਖ-ਵੱਖ ਸਥਾਨਾਂ ‘ਤੇ ਗਰਜਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਲਈ ‘ਪੀਲੀ’ ਚੇਤਾਵਨੀ ਜਾਰੀ ਕੀਤੀ ਹੈ। ‘ਅਲਰਟ’ ਜਾਰੀ ਕਰ ਦਿੱਤਾ ਗਿਆ ਹੈ।