Vikramjit Singh Sahni

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ , 27 ਜੂਨ 2023 (ਦਵਿੰਦਰ ਸਿੰਘ): ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਐਲਾਨ ਕੀਤਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਕਲਚਰਲ ਹੈਰੀਟੇਜ ਸੈਂਟਰ ਦਿੱਲੀ ਦੇ ਰਾਊਜ਼ ਐਵੇਨਿਊ ਵਿਖੇ ਬਣਾਇਆ ਜਾ ਰਿਹਾ ਹੈ।  ਸਾਹਨੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਟਰੱਸਟ ਜਿਸ ਦੇ ਜਨਰਲ ਸਕੱਤਰ ਵੀ ਹਨ, ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਵੱਲੋਂ ਲਗਵਾਏ ਗਏ ਬਾਰਾਖੰਬਾ ਰੋਡ ਸਥਿਤ ਬੁੱਤ ‘ਤੇ ਮਹਾਰਾਜਾ ਦੀ 184ਵੀਂ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਦਿੱਤੀ।

ਸਾਹਨੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਸੈਂਟਰ, ਕਨਾਟ ਪਲੇਸ ਨਜ਼ਦੀਕ ਸ਼ਹਿਰ ਦੇ ਕੇਂਦਰ ਵਿੱਚ ਪਹਿਲਾ ਪੰਜਾਬੀ ਸੱਭਿਆਚਾਰਕ ਵਿਰਾਸਤੀ ਕੇਂਦਰ ਹੋਵੇਗਾ, ਜਿਹੜਾ ਸ਼ੇਰ-ਏ-ਪੰਜਾਬ ਦੇ ਅਮੀਰ ਆਦਰਸ਼ਾਂ ਦਾ ਪ੍ਰਚਾਰ ਕਰੇਗਾ ਅਤੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰੇਗਾ। ਇਸ ਸਥਾਨ ਤੋਂ ਅੱਜ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਾਸਨ ਬਾਰੇ ਪਤਾ ਲੱਗੇਗਾ ਕਿ ਇਹ ਕਿਵੇਂ ਸਭ ਤੋਂ ਮਿਸਾਲੀ ਅਤੇ ਧਰਮ ਨਿਰਪੱਖ ਸੀ, ਜਿੱਥੇ ਸਾਰੇ ਭਾਈਚਾਰਕ ਅਮਨ-ਅਮਾਨ ਅਤੇ ਖੁਸ਼ਹਾਲੀ ਨਾਲ ਰਹਿੰਦੇ ਸਨ ਅਤੇ ਕੋਈ ਜਬਰੀ ਧਰਮ ਪਰਿਵਰਤਨ ਨਹੀਂ ਹੁੰਦਾ ਸੀ।

ਮਹਾਨ ਯੋਧੇ ਅਤੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਨੂੰ ਯਾਦ ਕਰਦਿਆਂ, ਸ. ਸਾਹਨੀ ਨੇ ਕਿਹਾ ਕਿ ਤੁਸੀਂ ਇਤਿਹਾਸ ਵਿੱਚ ਉਹਨਾਂ ਦੇ ਕੱਦ ਦੇ ਬਰਾਬਰ ਦਾ ਵਿਅਕਤੀ ਨਹੀਂ ਲੱਭ ਸਕਦੇ। ਉਹ ਭਾਰਤ ਦੀ ਅਜਿਹੀ ਆਖਰੀ ਹਕੂਮਤ ਸੀ ਜਿਸ ਨੇ ਭਾਰਤ ਦੀਆਂ ਉੱਤਰ-ਪੱਛਮੀ ਸੀਮਾਵਾਂ ਨੂੰ ਪਰਿਭਾਸ਼ਿਤ ਕੀਤਾ, ਹਮਲਿਆਂ ਨੂੰ ਰੋਕਿਆ ਅਤੇ ਕਸ਼ਮੀਰ ਤੋਂ ਸਿੰਧ ਤੱਕ ਪੰਜਾਬ ਦੇ ਇੱਕ ਵਿਸ਼ਾਲ ਸਾਮਰਾਜ ਉੱਤੇ ਰਾਜ ਕੀਤਾ ਅਤੇ ਇੱਥੋਂ ਤੱਕ ਕਿ ਪੇਸ਼ਾਵਰ ਅਤੇ ਕਾਬੁਲ ਨੂੰ ਵੀ ਜਿੱਤ ਲਿਆ ਸੀ। ਇੱਥੋਂ ਤੱਕ ਕਿ ਉਹ ਉਨ੍ਹਾਂ ਕੁਝ ਸ਼ਾਸਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨਾਲ ਅੰਗਰੇਜ਼ਾਂ ਨੇ ਸਤਲੁਜ ਪਾਰ ਨਾ ਕਰਨ ਦੀ ਸੰਧੀ ਕੀਤੀ ਸੀ।

ਸਾਹਨੀ ਨੇ ਦੇਸ਼ ਦੇ ਸਮੁੱਚੇ ਨੌਜਵਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਅਤੇ ਹੋਰ ਸੰਬੰਧਿਤ ਸਾਹਿਤ ਪੜ੍ਹਨ ਅਤੇ ਸ਼ੇਰ-ਏ-ਪੰਜਾਬ ਦੀ ਬਹਾਦਰੀ ਅਤੇ ਵੀਰਤਾ ਬਾਰੇ ਜਾਣਨ ਦੀ ਅਪੀਲ ਵੀ ਕੀਤੀ। ਮਹਾਰਾਜਾ ਰਣਜੀਤ ਸਿੰਘ ਇਹ ਦੇਖਣ ਲਈ ਆਪਣੇ ਰਾਜ ਵਿਚ ਭੇਸ ਬਦਲ ਕੇ ਘੁੰਮਦੇ ਸਨ ਕਿ ਉਹਨਾ ਦੇ ਰਾਜ ਵਿਚ ਸਭ ਕੁਝ ਠੀਕ ਹੈ ਅਤੇ ਕੋਈ ਵੀ ਭੋਜਨ ਤੋਂ ਬਿਨਾਂ ਨਹੀਂ ਸੌਂ ਰਿਹਾ ।

Scroll to Top