ਅੰਮ੍ਰਿਤਸਰ, 05 ਮਈ 2023 (ਦਵਿੰਦਰ ਸਿੰਘ): ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਓਮਾਨ ਵਿਚ ਫਸੀਆਂ ਪੰਜਾਬੀ ਕੁੜੀਆਂ ਦਾ ਜੁਰਮਾਨਾ ਅਤੇ ਮੁਆਵਜ਼ਾ ਖੁਦ ਅਦਾ ਕਰਕੇ ਇੰਨਾਂ ਗਰੀਬ ਲੜਕੀਆਂ ਨੂੰ ਵਾਪਿਸ ਲਿਆਉਣ ਲਈ ਮਿਸ਼ਨ ਹੋਪ (Mission Hope) ਸ਼ੁਰੂ ਕਰ ਦਿੱਤਾ ਹੈ।
ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਇੰਨਾਂ ਗਰੀਬ ਪੰਜਾਬੀ ਕੁੜੀਆਂ ਨੂੰ ਲੱਗਾ ਜੁਰਮਾਨਾ ਅਤੇ ਮੁਆਵਜ਼ੇ ਦੀ ਰਕਮ ਖੁਦ ਅਦਾ ਕਰਕੇ ਸੁਰੱਖਿਅਤ ਵਾਪੁਸ ਲਿਆਉਣ ਲਈ ਮਸਕਟ ਵਿੱਚ ਭਾਰਤੀ ਰਾਜਦੂਤ ਨਾਲ ਤਾਲਮੇਲ ਕਰਕੇ ਇਹ ਮਸਲਾ ਖੁਦ ਹੱਲ ਕਰਨ ਦਾ ਫੈਸਲਾ ਕੀਤਾ ਹੈ। ਸਾਹਨੀ ਨੇ ਕਿਹਾ ਕਿ “ਇਹ ਮੇਰਾ ਨੈਤਿਕ ਫਰਜ ਹੈ ਕਿ ਮੈ ਇੰਨਾਂ ਲੋੜਵੰਦ ਲੜਕੀਆਂ ਦੀ ਮਦਦ ਕਰਾਂ ਜਿਹੜੀਆਂ ਕਿ ਮਾੜੀ ਆਰਥਿਕ ਹਾਲਤ ਕਾਰਣ ਆਪਣਾ ਘਰ ਬਾਰ ਛੱਡ ਕੇ ਜਾਣ ਲਈ ਮਜਬੂਰ ਹੁੰਦੀਆਂ ਹਨ ਅਤੇ ਇੰਨਾ ਚਾਲਬਾਜ ਏਜੰਟਾਂ ਦੇ ਧੜੇ ਚੜ੍ਹ ਜਾਂਦੀਆਂ ਹਨ।
ਸਾਹਨੀ ਨੇ ਕਿਹਾ ਕਿ ਕੁਝ ਕੁੜੀਆਂ ਵਿਜਟਰ ਵੀਜ਼ੇ ਤੇ ਜਾਂਦੀਆਂ ਹਨ ਜਿਹੜਾ 30 ਦਿਨਾ ਵਿੱਚ ਖਤਮ ਹੋ ਜਾਂਦਾ ਹੈ ਅਤੇਵਉਹ ਗੈਰ ਕਾਨੂੰਨੀ ਪਰਵਾਸੀ ਬਣ ਜਾਂਦੀਆਂ ਹਨ ਅਤੇ ਜਾਇਜ਼ ਕਾਗਜ਼ਾਂ ਦੇ ਬਗੈਰ ਰਹਿਣ ਲਈ ਮਜਬੂਰ ਹੁੰਦੀਆਂ ਹਨ, ਜਿਸ ਕਾਰਣ ਏਜੰਟਾਂ ਅਤੇ ਸ਼ੇਖਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। ਏਥੋਂ ਤੱਕ ਕਿ ਵਰਕ ਵੀਜ਼ੇ ਵਾਲੀਆਂ ਔਰਤਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਕੰਮ ਵਾਲੇ ਸਥਾਨ ਤੋਂ ਨੱਸਣ ਲਈ ਮਜਬੂਰ ਹੁੰਦੀਆਂ ਹਨ।
ਸਾਹਨੀ ਨੇ ਕਿਹਾ ਇਹ ਔਰਤਾਂ ਤਦ ਤੱਕ ਵਾਪਿਸ ਘਰੀਂਂ ਨਹੀ ਪਰਤ ਸਕਦੀਆਂ ਜਦ ਤੱਕ ਓਮਾਨ ਦੀਆ ਅਦਾਲਤਾਂ ਵੱਲੋਂ ਵੀਜ਼ਾ ਖਤਮ ਹੋਣ ਤੋ ਬਾਦ ਰਹਿਣ ਕਾਰਣ ਲਾਇਆ ਗਿਆ ਜੁਰਮਾਨਾ ਜਾਂ ਇੰਨਾਂ ਦੇ ਸਪਾਂਸਰਾਂ ਵੱਲੋਂ ਪੈਸੇ ਲ਼ੈ ਕੇ ਇੰਨਾਂ ਦਾ ਨੌਕਰੀ ਦਾ ਮੁਚੱਲਕਾ ਜਾਰੀ ਨਹੀ ਕੀਤਾ ਜਾਂਦਾ।ਸਾਹਨੀ ਨੇ ਕਿਹਾ ਕਿ ਕੁਝ ਕੇਸਾਂ ਵਿੱਚ ਓਮਾਨ ਦੀਆਂ ਕਿਰਤ ਵਿਭਾਗ ਉੱਥੇ ਦੇ ਸਥਾਨਕ ਭਾਰਤੀ ਮਿਸ਼ਨਰੀ ਬੇਨਤੀ ਤੇ ਇਹ ਜੁਰਮਾਨਾ ਮੁਆਫ਼ ਵੀ ਕਰ ਦਿੰਦਾ ਹੈ।
ਸਾਹਨੀ ਨੇ ਕਿਹਾ ਕਿ ਇੰਨਾਂ ਲੜਕੀਆਂ ਚੋਂ ਬਹੁਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲ਼ੰਘਣਾ ਕਰਨ ਬਦਲੇ ਭਾਰੀ ਜੁਰਮਾਨਾ ਲੱਗਾ ਹੋਇਆ ਹੈ ਅਤੇ ਵਰਕ ਵੀਜ਼ੇ ਦੀ ਸੂਰਤ ਵਿਚ ਇੰਨਾਂ ਦੇ ਮਾਲਕ ਸ਼ੇਖ ਮੰਗੇ ਹੋਏ ਮੁਆਵਜ਼ੇ ਤੋਂ ਬਗੈਰ ਕੋਈ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ ਨਹੀ ਦਿੰਦੇ ਜੋ ਕਿ ਇਕ ਹਜ਼ਾਰ ਤੋਂ ਬਾਰਾਂ ਸੌ ਰਿਆਲ ਤੱਕ ਯਾਨਿ ਢਾਈ ਲਖ ਰੁਪਏ ਦੇ ਕਰੀਬ ਹੁੰਦਾ ਹੈ।
ਸਾਹਨੀ ਨੇ ਕਿਹਾ ਕਿ ਉਹ ਬਿਨਾ ਲਾਈਸੈਸ ਅਤੇ ਪਾਬੰਦੀਸ਼ੁਦਾ ਏਜੰਟਾਂ ਉੱਤੇ ਪੂਰਨ ਪਾਬੰਦੀ ਲਗਾਉਣ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਰਕਾਰ ਕੋਲ ਵੱਖਰੇ ਤੌਰ ਤੇ ਇਹ ਮਾਮਲਾ ਉਠਾਉਣਗੇ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਵਲੋ ਲਾਈਸੈਸ ਧਾਰੀ ਏਜੰਟਾਂ ਦੀਆ ਗਤੀਵਿਧੀਆਂ ਤੇ ਕਰੜੀ ਨਿਗਾਹ ਰੱਖਣ ਲਈ ਵੀ ਜ਼ੋਰ ਪਾਉਣਗੇ। ਸਾਹਨੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਨਾਂ ਏਜੰਟਾਂ ਤੱਕ ਪਹੁੰਚ ਕਰਨ ਤੋ ਪਹਿਲਾ ਇੰਨਾਂ ਦੇ ਰਿਕਾਰਡ ਜ਼ਰੂਰ ਦੇਖ ਲਿਆ ਕਰਨ ਤਾਂ ਜੋ ਬਾਅਦ ਵਿੱਚ ਅਜਿਹੇ ਦੁੱਖ ਨਾ ਸਹਿਣੇ ਪੈਣ।