Meg Lanning

ਆਸਟ੍ਰੇਲੀਆ ਨੂੰ ਪੰਜ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੀ ਕਪਤਾਨ ਮੇਗ ਲੈਨਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਚੰਡੀਗੜ੍ਹ, 09 ਨਵੰਬਰ 2023: ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੇਗ ਲੈਨਿੰਗ (Meg Lanning) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਲੈਨਿੰਗ ਦਾ ਅੰਤਰਰਾਸ਼ਟਰੀ ਕਰੀਅਰ 13 ਸਾਲ ਤੱਕ ਰਿਹਾ । ਆਪਣੀ ਕਪਤਾਨੀ ਵਿੱਚ ਲੈਨਿੰਗ ਨੇ ਆਸਟਰੇਲੀਆ ਨੂੰ 4 ਟੀ-20 ਵਿਸ਼ਵ ਕੱਪ ਅਤੇ ਇੱਕ ਵਨਡੇ ਵਿਸ਼ਵ ਕੱਪ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਵੀ ਸੋਨ ਤਮਗਾ ਜਿੱਤਿਆ।

ਲੈਨਿੰਗ (Meg Lanning) ਨੇ ਇਸ ਸਾਲ ਫਰਵਰੀ ‘ਚ ਦੱਖਣੀ ਅਫਰੀਕਾ ‘ਚ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਲੈਨਿੰਗ ਫਰੈਂਚਾਇਜ਼ੀ ਲੀਗ ਖੇਡਣਾ ਜਾਰੀ ਰੱਖੇਗੀ। ਉਹ WPL ਵਿੱਚ ਦਿੱਲੀ ਕੈਪੀਟਲਸ ਦੀ ਕਪਤਾਨ ਹੈ। ਉਹ ਮਹਿਲਾ ਬਿਗ ਬੈਸ਼ ਲੀਗ ਵਿੱਚ ਮੈਲਬੋਰਨ ਸਟਾਰਸ ਦੀ ਕਪਤਾਨ ਹੈ।

9 ਨਵੰਬਰ ਵੀਰਵਾਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) ‘ਚ ਸੰਨਿਆਸ ਦਾ ਐਲਾਨ ਕਰਦੇ ਹੋਏ 31 ਸਾਲਾ ਲੈਨਿੰਗ ਨੇ ਕਿਹਾ, ‘ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਜਾਣ ਦਾ ਫੈਸਲਾ ਲੈਣਾ ਮੁਸ਼ਕਲ ਸੀ, ਪਰ ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਲਈ ਸਹੀ ਸਮਾਂ ਹੈ। ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ ਕਿ ਮੈਂ 13 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਦਾ ਆਨੰਦ ਮਾਣਿਆ, ਪਰ ਮੈਂ ਜਾਣਦੀ ਹਾਂ ਕਿ ਮੇਰੇ ਲਈ ਕੁਝ ਨਵਾਂ ਕਰਨ ਦਾ ਇਹ ਸਹੀ ਸਮਾਂ ਹੈ।

ਲੈਨਿੰਗ ਨੇ ਅੱਗੇ ਕਿਹਾ, ‘ਟੀਮ ਦੀ ਸਫਲਤਾ ਦਾ ਕਾਰਨ ਇਹ ਹੈ ਕਿ ਤੁਸੀਂ ਖੇਡ ਖੇਡਦੇ ਹੋ, ਮੈਨੂੰ ਮਾਣ ਹੈ ਕਿ ਮੈਂ ਜੋ ਹਾਸਲ ਕਰ ਸਕੀ ਹਾਂ। ਮੈਂ ਆਪਣੇ ਪਰਿਵਾਰ, ਆਪਣੇ ਸਾਥੀਆਂ, ਕ੍ਰਿਕੇਟ ਵਿਕਟੋਰੀਆ, ਕ੍ਰਿਕੇਟ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦਾ ਉਹਨਾਂ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹਾਂਗੀ ।

ਲੈਨਿੰਗ ਨੇ 78 ਵਨਡੇ ਮੈਚਾਂ ‘ਚ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਕੀਤੀ ਹੈ। ਜਿਸ ਵਿੱਚ ਟੀਮ ਨੇ 69 ਮੈਚ ਜਿੱਤੇ ਹਨ। ਉਨ੍ਹਾਂ ਦੀ ਕਪਤਾਨੀ ‘ਚ ਆਸਟ੍ਰੇਲੀਆ ਨੇ 100 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 76 ਮੈਚ ਜਿੱਤੇ ਹਨ। ਜਦੋਂਕਿ ਆਸਟਰੇਲੀਆ ਨੇ ਉਨ੍ਹਾਂ ਦੀ ਕਪਤਾਨੀ ਵਿੱਚ ਚਾਰ ਟੈਸਟ ਮੈਚ ਖੇਡੇ ਹਨ।ਉਨ੍ਹਾਂ ਨੇ ਸਾਰੇ ਚਾਰ ਟੈਸਟ ਮੈਚ ਜਿੱਤੇ ਹਨ।

Scroll to Top