industrialists

ਡੀ.ਸੀ. ਆਸ਼ਿਕਾ ਜੈਨ ਵੱਲੋਂ ਲੰਬਿਤ ਮਸਲਿਆਂ ਦੇ ਹੱਲ ਲਈ ਸਨਅਤਕਾਰਾਂ ਨਾਲ ਮੀਟਿੰਗ

ਐਸ.ਏ.ਐਸ.ਨਗਰ, 14 ਸਤੰਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੋਹਾਲੀ ਦੇ ਰੈਡੀਸਨ ਰੈੱਡ ਵਿੱਚ 15 ਸਤੰਬਰ ਨੂੰ ਹੋਣ ਵਾਲੀ ਸਰਕਾਰ-ਸਨਅਤਕਾਰ ਮਿਲਣੀ ਤੋਂ ਪਹਿਲਾਂ ਵੱਖ-ਵੱਖ ਉਦਯੋਗਪਤੀਆਂ (industrialists) ਦੀਆਂ ਐਸੋਸੀਏਸ਼ਨਾਂ ਦੇ ਮੈਂਬਰਾਂ ਨਾਲ ਅੱਜ ਮੀਟਿੰਗ ਕੀਤੀ। ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੈਗਾ ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਗੇ ਅਤੇ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਉਨ੍ਹਾਂ ਨੇ ਉਦਯੋਗਪਤੀਆਂ ਤੋਂ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਦਾ ਭਰਪੂਰ ਸਹਿਯੋਗ ਮੰਗਿਆ।

ਡਿਪਟੀ ਕਮਿਸ਼ਨਰ ਨੇ ਡੇਰਾਬੱਸੀ, ਲਾਲੜੂ ਅਤੇ ਮੁਹਾਲੀ ਤੋਂ ਆਏ ਸਨਅਤਕਾਰਾਂ (industrialists) ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਸਮੱਸਿਆਵਾਂ ਨੂੰ ਇੱਕ-ਇੱਕ ਕਰਕੇ ਸੁਣਦਿਆਂ, ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਕਰਕੇ, ਅਮਨ-ਕਾਨੂੰਨ ਦੀ ਵਿਵਸਥਾ ਲਈ ਪੁਲਿਸ ਗਸ਼ਤ ਤੇਜ਼ ਕਰਕੇ ਅਤੇ ਨਿਰਵਿਘਨ ਬਿਜਲੀ ਸਪਲਾਈ ਵਰਗੇ ਮੁੱਦਿਆਂ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਉਨ੍ਹਾਂ ਨੇ ਖਾਲੀ ਪਏ ਸਨਅਤੀ ਪਲਾਟਾਂ ਦੇ ਨੰਬਰ ਗਮਾਡਾ ਰਾਹੀਂ ਆਨਲਾਈਨ ਕਰਨ ਦੀ ਮੰਗ, ਲੇਬਰ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦਾ ਭਰੋਸਾ ਵੀ ਦਿੱਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੀਟਿੰਗ ਪਿਛਲੇ ਪੰਦਰਵਾੜੇ ਤੋਂ ਲਗਾਤਾਰ ਤੀਜੀ ਮੀਟਿੰਗ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਨਅਤਕਾਰਾਂ ਦੀਆਂ ਮੰਗਾਂ ਨੂੰ ਲਾਈਨ ਵਿਭਾਗਾਂ ਦੇ ਸਹਿਯੋਗ ਨਾਲ ਹੱਲ ਕਰਕੇ ਉਨ੍ਹਾਂ ਨੂੰ ਪੂਰਾ ਕਰਨ ਲਈ ਸੁਹਿਰਦ ਹੈ। ਉਨ੍ਹਾਂ ਨੇ ਪ੍ਰਸ਼ਾਸਨਿਕ ਪੱਧਰ ‘ਤੇ ਉਨ੍ਹਾਂ ਦੀਆਂ ਰੁਟੀਨ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਪੰਜਾਬ ਸਰਕਾਰ ਦੇ ਦਖਲ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਅੱਗੇ ਭੇਜਣ ਲਈ, ਮਹੀਨਾਵਾਰ ਅਧਾਰ ‘ਤੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ।

ਕੁਝ ਸਨਅਤਕਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਦਯੋਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ਲਈ ਕਈ ਰੁਕਾਵਟਾਂ ਦੂਰ ਕਰ ਦਿੱਤੀਆ ਹਨ।

ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ, ਐਸ ਪੀ ਐਚ ਐਸ ਮਾਨ ਅਤੇ ਗਮਾਡਾ, ਪੀ ਐਸ ਆਈ ਈ ਸੀ, ਉਦਯੋਗ, ਕਿਰਤ ਵਿਭਾਗ ਅਤੇ ਫੈਕਟਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨਾਲ ਸਬੰਧਤ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ। ਉਨ੍ਹਾਂ ਏ ਡੀ ਸੀ (ਡੀ) ਗੀਤਿਕਾ ਸਿੰਘ ਨੂੰ ਕਿਹਾ ਕਿ ਸਨਅਤਕਾਰਾਂ ਦੀ ਸਹੂਲਤ ਲਈ ਸਾਰੇ ਵਿਭਾਗਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਨਾਲੋ-ਨਾਲ ਫਾਲੋਅੱਪ ਕੀਤਾ ਜਾਵੇ।

Scroll to Top