ਲੁਧਿਆਣਾ , 18 ਜੂਨ 2024: ਵਾਤਾਵਰਨ ਤੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ ਅਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਵੱਲੋਂ ਅੱਜ ਪਿੰਡ ਵਲੀਪੁਰ ਵਿਖੇ ਬੁੱਢਾ ਦਰਿਆ (Budha Dariya) ਅਤੇ ਸਤਲੁਜ ਦੇ ਸੰਗਮ ਤੇ ਵਾਤਾਵਰਣ ਕਾਰਕੁਨਾਂ ਦਾ ਇੱਕ ਵੱਡਾ ਇਕੱਠ ਰੱਖਿਆ ਗਿਆ। ਇਸ ਇਕੱਠ ਦਾ ਮੁੱਖ ਮੰਤਵ ਬੁੱਢਾ ਦਰਿਆ ਦੇ ਵਿੱਚ ਪੈ ਰਹੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਨੂੰ ਰੁਕਵਾਉਣ ਲਈ ਸਰਕਾਰ ਤੇ ਦਬਾਅ ਬਣਾਉਣਾ ਸੀ ਜੋ ਕਿ ਲੰਮੇ ਸਮੇਂ ਤੋਂ ਇਸ ਮੁੱਦੇ ਨੂੰ ਕੋਈ ਬਹੁਤੀ ਤਰਜੀਹ ਨਹੀਂ ਦੇ ਰਹੀ।
ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 15 ਅਗਸਤ 2024 ਨੂੰ ਲੁਧਿਆਣੇ ਵਿੱਚ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਲੈ ਕੇ ਇੱਕ ਵੱਡਾ ਮਾਰਚ ਕੱਢਿਆ ਜਾਵੇ ਤਾਂ ਕਿ ਪੰਜਾਬ ਨੂੰ ਹੁਣ ਪ੍ਰਦੂਸ਼ਣ ਤੋਂ ਵੀ ਆਜ਼ਾਦੀ ਦਵਾਈ ਜਾ ਸਕੇ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ 15 ਸਤੰਬਰ ਤੱਕ ਸਰਕਾਰ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਨਹੀਂ ਰਹਿੰਦੀ ਤਾਂ ਇਸ ਨੂੰ ਇੱਕ ਪੱਕਾ ਬੰਨ੍ਹ ਮਾਰ ਕੇ ਲੁਧਿਆਣੇ ਤੱਕ ਹੀ ਸੀਮਤ ਕਰ ਦਿੱਤਾ ਜਾਵੇ ਤਾਂ ਕਿ ਦੱਖਣੀ ਪੰਜਾਬ ਨੂੰ ਇਸ ਜ਼ਹਿਰੀਲੇ ਪਾਣੀ ਰਾਹੀਂ ਹੋ ਰਹੀ ਨਸਲਕੁਸ਼ੀ ਤੋਂ ਬਚਾਇਆ ਜਾ ਸਕੇ। ਇਥੇ ਵਰਨਣਯੋਗ ਹੈ ਕਿ ਸਤਲੁਜ ਦੱਖਣੀ ਪੰਜਾਬ ਦੇ ਵੱਡੇ ਹਿੱਸੇ ਦਾ ਪੀਣ ਵਾਲੇ ਪਾਣੀ ਦਾ ਇਕੱਲਾ ਸਰੋਤ ਹੈ ਅਤੇ ਇਸ ਵਿੱਚ ਬੁੱਢੇ ਦਰਿਆ ਦਾ ਜ਼ਹਿਰੀਲਾ ਪਾਣੀ ਮਿਲਣ ਕਰਕੇ ਬਿਮਾਰੀਆਂ ਅਤੇ ਸਿਹਤ ਸਮੱਸਿਆਵਾਂ ਦਾ ਬਹੁਤ ਵੱਡਾ ਮਸਲਾ ਬਣ ਚੁੱਕਿਆ ਹੈ।
ਇਸ ਮੀਟਿੰਗ ਤੋਂ ਬਾਅਦ ਕਾਰਕੁਨਾਂ ਨੇ ਬੁੱਢਾ ਦਰਿਆ (Budha Dariya) ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਸਰਦਾਰ ਦਲਜੀਤ ਸਿੰਘ ਭੋਲਾ ਨਾਲ ਮੀਟਿੰਗ ਕਰਕੇ ਸਰਕਾਰ ਨੂੰ ਪੰਜਾਬ ਵਾਸੀਆਂ ਦੇ ਦਰਦ ਤੋਂ ਅਤੇ ਅੱਜ ਦੇ ਫੈਂਸਲਿਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਗਿਆ ਕਿ ਸਰਕਾਰ ਵਿਚਲੇ ਨੁਮਾਇੰਦੇ ਸਰਕਾਰ ਬਣਨ ਤੋਂ ਪਹਿਲਾਂ ਇਸੇ ਬੁੱਢੇ ਦਰਿਆ ਨੂੰ ਸਾਫ ਕਰਨ ਦਾ ਵਾਅਦਾ ਕਰਦੇ ਰਹੇ ਹਨ ਪਰ ਪਿਛਲੇ 2½ ਵਰ੍ਹਿਆਂ ਚ ਕੁਝ ਵੀ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ।
ਇਸ ਮੀਟਿੰਗ ਵਿੱਚ ਲੱਖਾ ਸਿੰਘ ਸਿਧਾਣਾ, ਕਮਲਜੀਤ ਸਿੰਘ ਬਰਾੜ, ਦਲੇਰ ਸਿੰਘ ਡੋਡ, ਅਮਿਤੋਜ ਮਾਨ, ਜਸਕੀਰਤ ਸਿੰਘ, ਡਾਕਟਰ ਅਮਨਦੀਪ ਸਿੰਘ ਬੈਂਸ, ਮਹਿੰਦਰ ਪਾਲ ਲੂੰਬਾ, ਕਰਨਲ ਜਸਜੀਤ ਸਿੰਘ ਗਿੱਲ, ਕੁਲਦੀਪ ਸਿੰਘ ਖਹਿਰਾ, ਰੋਮਨ ਬਰਾੜ ਆਦਿ ਸ਼ਾਮਿਲ ਹੋਏ।