ਐਸ.ਏ.ਐਸ.ਨਗਰ 03 ਅਗਸਤ 2023: ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ ਅਧੀਨ ਮੁੱਖ ਖੇਤੀਬਾੜੀ ਅਫਸਰ ਐਂਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਪਰਾਲੀ ਦੀ ਗੰਢਾਂ ਬਨਾਉਣ ਵਾਲੀ ਮਸ਼ੀਨ ਬੇਲਰ /ਰੈਕ ਦੀ ਸਬਸਿਡੀ ਤੇ ਖ੍ਰੀਦ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਂਵਾ ਅਤੇ ਨਾਚੀਕੇਤਾ ਪੇਪਰ ਮਿੱਲ, ਬੇਲਰ/ਰੈਕ ਬਨਾਉਣ ਵਾਲੀਆਂ ਫਰਮਾਂ ਸ਼ਕਤੀਮਾਨ ਅਤੇ ਨਿਊਹਾਲੈਂਡ ਦੇ ਨੁੰਮਾਇਦਿਆਂ ਨੇ ਭਾਗ ਲਿਆ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਾਲ 2022 ਦੌਰਾਨ 85 ਪਿੰਡਾਂ ਵਿੱਚ 157 ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਪਾਈਆਂ ਗਈਆਂ ਸਨ। ਇਸ ਸਾਲ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੁਰਜ਼ੋਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ 67 ਸਹਿਕਾਰੀ ਸਭਾਵਾਂ ਵਿੱਚੋਂ ਘੱਟ ਤੋਂ ਘੱਟ 20 ਬੇਲਰ/ਰੈਕ ਮਸੀਨਾਂ ਖ੍ਰੀਦ ਕਰਨ ਦਾ ਟੀਚਾ ਨਿਸਚਿਤ ਕੀਤਾ ਗਿਆ ਹੈ ਅਤੇ ਦਫਤਰ ਮੁੱਖ ਖੇਤੀਬਾੜੀ ਅਫਸਰ ਰਾਹੀਂ 20 ਹੋਰ ਬੇਲਰ ਚਾਹਵਾਨ ਕਿਸਾਨਾਂ ਨੂੰ ਸਬਸਿਡੀ ਤੇ ਖ੍ਰੀਦ ਕਰਵਾਉਣ ਲਈ ਹਦਾਇਤ ਕੀਤੀ ਗਈ ਹੈ।
ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਬੀਰ ਸਿੰਘ ਢਿਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 5 ਸਹਿਕਾਰੀ ਸਭਾਵਾਂ ਰਾਹੀਂ ਸਬਸਿਡੀ ਤੇ ਬੇਲਰ/ਰੇਕ ਦੀ ਖ੍ਰੀਦ ਕਰਨ ਲਈ ਅਰਜੀਆਂ ਦਿੱਤੀਆਂ ਗਈਆਂ ਹਨ। ਨਾਚੀਕੇਤਾ ਪੇਪਰ ਮਿਲਜ਼ ਦੇ ਨੁੰਮਾਇਦੇ ਕੇਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਵੱਲੋਂ ਜ਼ਿਲ੍ਹੇ ਅੰਦਰ ਕੰਮ ਕਰ ਰਹੇ ਬੇਲਰ ਮਾਲਕਾਂ ਦੁਆਰਾ ਇੱਕਠੀਆਂ ਕੀਤੀਆਂ ਗਈਆਂ ਪਰਾਲੀ ਦੀਆਂ ਗੰਢਾਂ ਦੀ ਖ੍ਰੀਦ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ 5 ਪਿੰਡਾ ਪਿੱਛੇ 10 ਏਕੜ ਪੰਚਾਇਤੀ ਜਮੀਨ ਪਰਾਲੀ ਦੀ ਗੰਢਾ ਰੱਖਣ ਲਈ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ ।
ਪਿੰਡ ਸੋਹਾਣਾ ਦੇ ਅਗਾਂਹਵਧੂ ਕਿਸਾਨ ਅਤੇ ਬੇਲਰ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਹਾਲੀ ਤਹਿਸੀਲ ਦੇ 40 ਪਿੰਡਾਂ ਵਿੱਚੋਂ ਪਰਾਲੀ ਦੀਆਂ ਗੰਢਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਇਸ ਕੰਮ ਲਈ ਕਿਸਾਨਾਂ ਪਾਸੋਂ ਕੋਈ ਵੀ ਖਰਚਾ ਨਹੀਂ ਲਿਆ ਜਾਵੇਗਾ। ਇਸ ਮੌਕੇ ਤੇ ਡਾ. ਗੁਰਦਿਆਲ ਕੁਮਾਰ, ਡਾ. ਚਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਲਖਵਿੰਦਰ ਸਿੰਘ ਜੂਨੀਅਰ ਤਕਨੀਸ਼ੀਅਨ ਅਤੇ ਅਗਾਂਹਵਧੂ ਕਿਸਾਨ ਹਾਜਰ ਸਨ।