ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਵਿਚਕਾਰ ਹੋਈ ਮੀਟਿੰਗ, ਇਹਨਾਂ ਮੁੱਦਿਆਂ ‘ਤੇ ਬਣਾਈ ਰਣਨੀਤੀ

ਕਠੂਆ 7 ਸਤੰਬਰ 2024 : ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਨਾਲ ਲੱਗਦੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਸਰਹੱਦ ’ਤੇ ਅਪਰਾਧਿਕ ਗਤੀਵਿਧੀਆਂ ਨਾਲ ਨਜਿੱਠਣ ਲਈ ਦੋਵਾਂ ਖੇਤਰਾਂ ਦੀ ਪੁਲਿਸ ਦਰਮਿਆਨ ਤਾਲਮੇਲ ਕਾਇਮ ਕਰਨ ਲਈ ਜ਼ਿਲ੍ਹਾ ਪੁਲਿਸ ਕਠੂਆ ਅਤੇ ਜ਼ਿਲ੍ਹਾ ਪੁਲਿਸ ਪਠਾਨਕੋਟ ਦਰਮਿਆਨ ਅੰਤਰ-ਰਾਜੀ ਤਾਲਮੇਲ ਮੀਟਿੰਗ ਕੀਤੀ ਗਈ|

ਐਸ.ਐਸ.ਪੀ ਕਠੂਆ ਦੀਪਿਕਾ ‘ਤੇ ਐਸ.ਐਸ.ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਕਠੂਆ-ਪੰਜਾਬ ਸਰਹੱਦੀ ਖੇਤਰ ਵਿੱਚ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਵਧੀਕ ਐਸ.ਪੀ. ਕਠੂਆ ਰਾਹੁਲ ਚਰਕ, ਡੀ.ਐਸ.ਪੀ. ਹੈੱਡਕੁਆਰਟਰ ਕਠੂਆ ਮਨਜੀਤ ਸਿੰਘ, ਡੀ.ਐਸ.ਪੀ. ਡੀ.ਏ.ਆਰ. ਸੁਭਾਸ਼ ਚੰਦਰ ਦੇ ਨਾਲ ਥਾਣਾ ਲਖਨਪੁਰ ਦੇ ਐਸ.ਐਚ.ਓ. ਇੰਸਪੈਕਟਰ ਤ੍ਰਿਭਵਨ ਖਜੂਰੀਆ ਵੀ ਮੌਜੂਦ ਸਨ।

ਮੀਟਿੰਗ ਵਿੱਚ ਨਸ਼ਿਆਂ ਦੇ ਵਪਾਰ, ਗੈਰ-ਕਾਨੂੰਨੀ ਮਾਈਨਿੰਗ, ਨਾਜਾਇਜ਼ ਸ਼ਰਾਬ ਦੀ ਢੋਆ-ਢੁਆਈ ਅਤੇ ਵਾਹਨਾਂ ਦੀ ਚੈਕਿੰਗ ਆਦਿ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਤੋਂ ਬਾਅਦ ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਸਰਹੱਦ ਦੇ ਦੋਵੇਂ ਪਾਸੇ ਕਿਸੇ ਵੀ ਅਪਰਾਧਿਕ ਗਤੀਵਿਧੀ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਸੁਰੱਖਿਅਤ ਜ਼ੋਨ ਨੂੰ ਯਕੀਨੀ ਬਣਾਉਣ ਲਈ ਸਹਿਮਤੀ ਪ੍ਰਗਟਾਈ। ਇਸ ਮੀਟਿੰਗ ਵਿੱਚ ਖੁਫੀਆ ਜਾਣਕਾਰੀ ਸਾਂਝੀ ਕਰਨ, ਗਸ਼ਤ ਅਤੇ ਨਿਗਰਾਨੀ ਵਧਾਉਣ, ਨਿਯਮਤ ਸਾਂਝੀ ਚੌਕੀਆਂ ਚਲਾਉਣ, ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਆਦਿ ਲਈ ਸਾਂਝੀ ਰਣਨੀਤੀ ਵੀ ਤਿਆਰ ਕੀਤੀ ਗਈ।

ਜ਼ਿਲ੍ਹਾ ਪੁਲਿਸ ਮੁਖੀ ਆਈ.ਪੀ.ਐਸ. ਦੀਪਿਕਾ ਨੇ ਕਿਹਾ ਕਿ ਇਹ ਅੰਤਰ-ਰਾਜੀ ਤਾਲਮੇਲ ਮੀਟਿੰਗ ਅਪਰਾਧ ਨਾਲ ਨਜਿੱਠਣ ਅਤੇ ਖੇਤਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇੱਕ ਏਕੀਕ੍ਰਿਤ ਪਹੁੰਚ ਵੱਲ ਇੱਕ ਮਹੱਤਵਪੂਰਨ ਕਦਮ ਹੈ।

Scroll to Top