July 2, 2024 4:25 pm
Patiala

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਸੈਕੰਡਰੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਬੈਠਕ

ਪਟਿਆਲਾ, 25 ਜੁਲਾਈ 2023: ਪਟਿਆਲਾ (Patiala) ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਸੈਕੰਡਰੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਇੱਕ ਬੈਠਕ ਕੀਤੀ।

ਡਿਪਟੀ ਕਮਿਸ਼ਨਰ ਨੇ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਸਿਵਲ ਸਰਜਨ ਡਾ. ਰਾਮਿੰਦਰ ਕੌਰ, ਸਬੰਧਤ ਐਸ.ਐਮ.ਓਜ਼, ਚੀਫ਼ ਆਰਕੀਟੈਕਟ, ਲੋਕ ਨਿਰਮਾਣ ਵਿਭਾਗ, ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ, ਪੰਜਾਬ ਮੰਡੀ ਬੋਰਡ ਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦੀ ਐਮਰਜੈਂਸੀ, ਨਾਭਾ ਐਮ.ਸੀ.ਐਚ. ਅਤੇ ਬਾਦਸ਼ਾਹਪੁਰ ਹਸਪਤਾਲਾਂ ਦੀਆਂ ਇਮਾਰਤਾਂ ਦੇ ਨਵੀਨੀਕਰਨ ਦਾ ਜਾਇਜ਼ਾ ਲਿਆ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਮਾਤਾ ਕੌਸ਼ੱਲਿਆ ਹਸਪਤਾਲ ਦੀ ਐਮਰਜੈਂਸੀ ਸਿਹਤ ਸੇਵਾਵਾ ਨੂੰ ਮਜ਼ਬੂਤ ਕਰਦੇ ਹੋਏ ਇੱਥੇ ਨਵਾਂ ਆਈ.ਸੀ.ਯੂ., ਟਰੌਮਾ ਥੀਏਟਰ ਸ਼ੁਰੂ ਕਰਨ ਸਮੇਤ ਨਵਜਨਮੇ ਬੱਚਿਆਂ ਲਈ ਨਿੱਕੂ ਤੇ ਪਿੱਕੂ ਸੈਂਟਰ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਸ ਤੋਂ ਬਿਨ੍ਹਾਂ ਜਰਜਰ ਹੋ ਚੁੱਕੀ ਬਾਦਸ਼ਾਹਪੁਰ ਹਸਪਤਾਲ ਦੀ ਪੁਰਾਣੀ ਇਮਾਰਤ ਸਮੇਤ ਨਾਭਾ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਇਕਸਾਰ ਬ੍ਰਾਂਡਿੰਗ, ਪੇਟਿੰਗ, ਸਾਇਨੇਜ਼, ਓਟ ਸੈਂਟਰ ਤੇ ਲੈਬ ਦੀ ਮੁਰੰਮਤ ਕਰਕੇ ਅਲਟਰਾਮਾਡਰਨ ਤੇ ਨਵੀਂ ਦਿੱਖ ਪ੍ਰਦਾਨ ਕਰਨਾ ਵੀ ਸ਼ਾਮਲ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ (Patiala) ਦੇ ਸਿਵਲ ਸਰਜਨ ਦਫ਼ਤਰ ਲਈ ਨਵੀਂ ਇਮਾਰਤ ਮੁਹੱਈਆ ਕਰਵਾਉਣ ਲਈ ਢੁਕਵੀਂ ਥਾਂ ਦੀ ਚੋਣ ਕਰਨ ਸਮੇਤ ਸਾਰੇ ਕੰਮ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਸਾਰੀਆਂ ਇਮਾਰਤਾਂ ਦਾ ਦੌਰਾ ਕਰਕੇ ਤਜਵੀਜਾਂ ਤੇ ਤਖ਼ਮੀਨੇ ਤੁਰੰਤ ਜਮ੍ਹਾਂ ਕਰਵਾਉਣਗੇ ਤਾਂ ਕਿ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾ ਸਕੇ।