Site icon TheUnmute.com

ਮੀਤ ਹੇਅਰ ਵੱਲੋਂ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਮੋਹਾਲੀ ਨੂੰ ਬਾਹਰ ਕਰਨ ਦੀ ਕਰੜੀ ਨਿਖੇਧੀ

ODI Cricket World Cup 2023

ਚੰਡੀਗੜ੍ਹ, 27 ਜੂਨ 2023: ਇਸ ਸਾਲ ਅਕਤੂਬਰ-ਨਵੰਬਰ ਮਹੀਨੇ ਭਾਰਤ ਵਿੱਚ ਹੋਣ ਵਾਲੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ-2023 (ODI Cricket World Cup 2023)  ਦੇ ਅੱਜ ਜਾਰੀ ਹੋਏ ਸ਼ਡਿਊਲ ਵਿੱਚ ਮੇਜ਼ਬਾਨੀ ਵਾਲੇ ਸ਼ਹਿਰਾਂ ਦੀ ਸੂਚੀ ਵਿੱਚੋਂ ਮੁਹਾਲੀ ਨੂੰ ਬਾਹਰ ਰੱਖਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਫ਼ੈਸਲੇ ਨੂੰ ਰਾਜਸੀ ਕਾਰਨਾਂ ਤੋਂ ਪ੍ਰੇਰਿਤ ਦੱਸਿਆ ਹੈ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਮੀਤ ਹੇਅਰ ਨੇ ਕਿਹਾ ਕਿ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਰੱਖਣਾ ਪੰਜਾਬ ਨਾਲ ਖੁੱਲ੍ਹੇਆਮ ਵਿਤਕਰੇਬਾਜ਼ੀ ਹੈ ਕਿਉਂਕਿ ਪੀਸੀਏ ਸਟੇਡੀਅਮ ਮੁਹਾਲੀ ਦੇ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿੱਚ ਵਿਸ਼ਵ ਕੱਪ ਹੋ ਰਿਹਾ ਹੈ ਅਤੇ ਮੁਹਾਲੀ ਵਿਖੇ ਕੋਈ ਮੈਚ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 1996 ਅਤੇ 2011 ਵਿੱਚ ਮੁਹਾਲੀ ਵਿਖੇ ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਖੇਡੇ ਗਏ ਜਦੋਂਕਿ ਇਸ ਵਾਰ ਇਕ ਲੀਗ ਮੈਚ ਦੀ ਵੀ ਮੇਜ਼ਬਾਨੀ ਨਹੀਂ ਮਿਲੀ। ਅਹਿਮਦਾਬਾਦ ਨੂੰ ਉਦਘਾਟਨੀ ਤੇ ਫ਼ਾਈਨਲ ਮੈਚ ਤੋਂ ਇਲਾਵਾ ਭਾਰਤ-ਪਾਕਿਸਤਾਨ ਮੈਚ ਦੀ ਮੇਜ਼ਬਾਨੀ ਵੀ ਮਿਲੀ ਹੈ।

ਮੀਤ ਹੇਅਰ ਨੇ ਕਿਹਾ ਕਿ ਪੀਸੀਏ ਸਟੇਡੀਅਮ ਮੁਹਾਲੀ ਨਾ ਸਿਰਫ ਭਾਰਤ ਦੇ ਪਹਿਲੇ ਪੰਜ ਸਟੇਡੀਅਮਾਂ ਵਿੱਚੋਂ ਇਕ ਹੈ ਬਲਕਿ ਦੁਨੀਆਂ ਦੇ ਚੋਣਵੇਂ ਸਟੇਡੀਅਮਾਂ ਦੀ ਸੂਚੀ ਵਿੱਚ ਆਉਂਦਾ ਹੈ। ਕ੍ਰਿਕਟ ਪ੍ਰੇਮੀਆਂ ਦੀ ਪਹਿਲੀ ਪਸੰਦ ਮੁਹਾਲੀ ਨੂੰ ਮੇਜ਼ਬਾਨ ਸੈਣੀ ਵਿੱਚ ਬਾਹਰ ਰੱਖਣਾ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਨਾਲ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਵਿਤਕਰੇਬਾਜ਼ੀ ਦਾ ਮੁੱਦਾ ਬੀਸੀਸੀਆਈ ਕੋਲ ਉਠਾਵੇਗੀ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੁਹਾਲੀ ਵਿਖੇ ਜਿੱਥੇ ਕੌਮਾਂਤਰੀ ਹਵਾਈ ਅੱਡਾ ਹੈ ਉੱਥੇ ਸ਼ਹਿਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਅਤੇ ਟੀਮਾਂ ਦੇ ਰਹਿਣ ਲਈ ਲੋੜੀਂਦੇ ਹੋਟਲ ਵੀ ਹਨ।ਮੁਹਾਲੀ ਵਿਖੇ ਮੈਚ ਹੋਣ ਨਾਲ ਖੇਡ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲਣਾ ਸੀ ਅਤੇ ਖੇਡਾਂ ਨਾਲ ਜੁੜੇ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੇ ਪੰਜਾਬ ਆਉਣਾ ਸੀ ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਨੂੰ ਹੋਰ ਵੀ ਹੁਲਾਰਾ ਮਿਲਣਾ ਸੀ।

Exit mobile version