ਨਵੀਂ ਦਿੱਲੀ 4 ਅਪ੍ਰੈਲ 2025: ਆਮ ਆਦਮੀ ਪਾਰਟੀ (aam aadmi party) ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (gurmeet singh meet hayer) ਨੇ ਸੰਸਦ ਦੇ ਸਿਫ਼ਰ ਕਾਲ ਦੌਰਾਨ ਫ਼ਸਲ ਖਰੀਦ ਨਾਲ ਸਬੰਧਤ ਦੋ ਮਹੱਤਵਪੂਰਨ ਮੁੱਦੇ ਉਠਾਏ, ਜਿਨ੍ਹਾਂ ਵਿੱਚ ਕਣਕ ਅਤੇ ਝੋਨੇ ‘ਤੇ ਕਮਿਸ਼ਨ ਏਜੰਟਾਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ਨੂੰ ਪਹਿਲਾਂ ਵਾਂਗ ਘੱਟੋ-ਘੱਟ ਸਮਰਥਨ ਮੁੱਲ ਦੇ 2.5 ਪ੍ਰਤੀਸ਼ਤ ‘ਤੇ ਤੈਅ ਕਰਨ ਅਤੇ ਗੋਦਾਮਾਂ ਤੋਂ ਝੋਨੇ ਦੀ ਢੋਆ-ਢੁਆਈ ਨੂੰ ਤੇਜ਼ ਕਰਨ ਲਈ ਪੰਜਾਬ ਲਈ ਵਿਸ਼ੇਸ਼ ਛੋਟਾਂ ਵਧਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਫਸਲ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ।
ਮੀਤ ਹੇਅਰ (meet hayer) ਨੇ ਕਿਹਾ ਕਿ 2019-20 ਤੱਕ ਕਣਕ ਅਤੇ ਝੋਨੇ ‘ਤੇ ਕਮਿਸ਼ਨ ਏਜੰਟਾਂ ਦਾ ਕਮਿਸ਼ਨ ਘੱਟੋ-ਘੱਟ ਸਮਰਥਨ ਮੁੱਲ (MSP) ਦਾ 2.5 ਪ੍ਰਤੀਸ਼ਤ ਨਿਰਧਾਰਤ ਕੀਤਾ ਗਿਆ ਸੀ, ਜਿਸ ਨੂੰ ਕੇਂਦਰ ਸਰਕਾਰ ਨੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਸੀ। ਉਦੋਂ ਤੋਂ, ਇਹ ਦਰ ਉਹੀ ਰਹੀ ਹੈ, ਜਦੋਂ ਕਿ ਵਧਦੀ ਮਹਿੰਗਾਈ ਕਾਰਨ, ਕਮਿਸ਼ਨ ਉਹੀ ਰਿਹਾ, ਜਿਸ ਕਾਰਨ ਹਾਲ ਹੀ ਵਿੱਚ ਕਮਿਸ਼ਨ ਏਜੰਟਾਂ ਵੱਲੋਂ ਹੜਤਾਲ ਕੀਤੀ ਗਈ, ਜਿਸਦਾ ਸਿੱਧਾ ਅਸਰ ਪੰਜਾਬ ਵਿੱਚ ਫਸਲਾਂ ਦੀ ਖਰੀਦ ‘ਤੇ ਪਿਆ।
ਮੀਤ ਹੇਅਰ ਨੇ ਕਮਿਸ਼ਨ ਏਜੰਟਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਦਾ ਕਮਿਸ਼ਨ ਦੁਬਾਰਾ ਐਮਐਸਪੀ ਦੇ 2.5 ਪ੍ਰਤੀਸ਼ਤ ‘ਤੇ ਨਿਰਧਾਰਤ ਕੀਤਾ ਜਾਵੇ। ਉਨ੍ਹਾਂ ਫਸਲ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਸੰਸਦ ਮੈਂਬਰ ਮੀਤ ਹੇਅਰ (meet hayer) ਨੇ ਚੌਲ ਮਿੱਲਰਾਂ ਦਾ ਮੁੱਦਾ ਉਠਾਇਆ ਅਤੇ ਪੰਜਾਬ ਲਈ ਸਪੈਸ਼ਲ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਮਾਰਚ ਤੋਂ ਅਪ੍ਰੈਲ ਦੇ ਵਿਚਕਾਰ ਪੰਜਾਬ ਵਿੱਚ ਝੋਨਾ ਪਹੁੰਚਾਇਆ ਜਾਂਦਾ ਸੀ ਪਰ ਹੁਣ ਛੇ ਮਹੀਨਿਆਂ ਬਾਅਦ ਵੀ ਨਹੀਂ ਹੋ ਰਿਹਾ। ਇਸ ਨਾਲ ਜਿੱਥੇ ਸਟੋਰੇਜ (storage) ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਉੱਥੇ ਹੀ ਅਨਾਜ ਟੁੱਟਣ ਕਾਰਨ ਕਰੋੜਾਂ ਰੁਪਏ ਦੀਆਂ ਫਸਲਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਇਸਦਾ ਸਿੱਧਾ ਖਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਇਸ ਕਾਰਨ ਸੈਂਕੜੇ ਸ਼ੈਲਰ ਬੰਦ ਹੋ ਰਹੇ ਹਨ।