ਚੰਡੀਗੜ੍ਹ/ਨਵਾਂਸ਼ਹਿਰ, 8 ਫ਼ਰਵਰੀ 2023: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਨਵਾਂਸ਼ਹਿਰ (Nawanshahr) ਵਿਖੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਰੇਤ ਮਾਫ਼ੀਆ ਦੇ ਦਿਨ ਖਤਮ ਕਰ ਦਿੱਤੇ ਹਨ।
ਅੱਜ ਨਵਾਂਸ਼ਹਿਰ (Nawanshahr) ਜ਼ਿਲੇ ਦੇ ਖੋਜਾ ਪਿੰਡ ਵਿਖੇ ਜਨਤਕ ਰੇਤ ਖੱਡ ਦਾ ਜਾਇਜ਼ਾ ਲੈਣ ਪੁੱਜੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਰੇਤ ਖਾਣਾਂ ਤੋਂ 5.50 ਰੁਪਏ ਵਿੱਚ ਰੇਤਾ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਰੂਪ ਦੇ ਕੇ ਦਰਸਾ ਦਿੱਤਾ ਹੈ ਕਿ ਸਰਕਾਰ ਲਈ ਪ੍ਰਸ਼ਾਸਨ ’ਚ ਪਾਰਦਰਸ਼ਤਾ ਤੇ ਜਨਤਕ ਹਿੱਤਾਂ ਨਾਲ ਇਮਾਨਦਾਰੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕੋਈ ਗੁੰਡਾ ਪਰਚੀ ਲੱਗੇਗੀ ਤੇ ਨਾ ਹੀ ਨਜਾਇਜ਼ ਮਾਈਨਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਰੇਤ ਦੇ ਮਾਲੀਏ ਤੋਂ ਪਹਿਲਾਂ ਆਮ ਲੋਕਾਂ ਦੇ ਹਿੱਤ ਹਨ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਦੇ 7 ਜ਼ਿਲ੍ਹਿਆਂ ਵਿਚਲੀਆਂ ਜਨਤਕ ਰੇਤ ਖਾਣਾਂ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਆਮ ਲੋਕਾਂ ਨੂੰ ਰੇਤ ਮਿਲਣ ’ਚ ਹੋਈ ਅਸਾਨੀ ਨੂੰ ਦੇਖਦੇ ਹੋਏ, ਇਸ ਮਹੀਨੇ ਦੇ ਅਖੀਰ ਤੱਕ ਇਨ੍ਹਾਂ ਖਾਣਾਂ ਦਾ ਘੇਰਾ 14 ਜ਼ਿਲ੍ਹਿਆਂ ਤੱਕ ਕਰਦੇ ਹੋਏ ਜਨਤਕ ਰੇਤ ਖਾਣਾਂ ਦੀ ਗਿਣਤੀ 50 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਇਹ ਗਿਣਤੀ 150 ਤੋਂ ਵਧੇਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ।