ਚੰਡੀਗੜ੍ਹ, 05 ਜੁਲਾਈ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਫੁੱਟਬਾਲ ਟੀਮ ਨੂੰ ਨੌਵੀਂ ਵਾਰ ਸੈਫ ਚੈਂਪੀਅਨਸ਼ਿਪ (SAFF championship) ਜਿੱਤਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੁੱਟਬਾਲ ਟੀਮ ਨੂੰ ਨੌਵੀਂ ਵਾਰ ਸੈਫ ਚੈਂਪੀਅਨਸ਼ਿਪ ਜਿੱਤਣ ਦੀਆਂ ਮੁਬਾਰਕਾਂ। ਰੋਮਾਂਚਕ ਫਾਈਨਲ ਵਿਚ ਸੁਨੀਲ ਛੇਤਰੀ ਦੀ ਕਪਤਾਨੀ ਹੇਠ ਭਾਰਤ ਨੇ ਕੁਵੈਤ ਨੂੰ ਸਡਨ ਡੈਥ ਵਿਚ 5-4 ਨਾਲ ਹਰਾਇਆ। ਸਾਡੇ ਸਟਾਰ ਗੋਲਚੀ ਗੁਰਪ੍ਰੀਤ ਸੰਧੂ ਨੇ ਫੈਸਲਾਕੁੰਨ ਪੈਨਲਟੀ ਰੋਕੀ। ਚੱਕ ਦੇ ਇੰਡੀਆ…. ਗੋਲਕੀਪਰ ਗੁਰਪ੍ਰੀਤ ਸਿੰਘ ਨੇ ਭਾਰਤ ਨੂੰ ਇਹ ਜਿੱਤ ਦਿਵਾਈ, ਗੁਰਪ੍ਰੀਤ ਸਿੰਘ ਸੰਧੂ ਸਰਦੂਲਗੜ੍ਹ ਦਾ ਰਹਿਣ ਵਾਲਾ ਹੈ।
ਭਾਰਤੀ ਫੁਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਕੁਵੈਤ ਨੂੰ ਹਰਾਇਆ। ਇਸ ਜਿੱਤ ਨਾਲ ਉਸ ਨੇ ਨੌਵੀਂ ਵਾਰ ਖਿਤਾਬ ਜਿੱਤਿਆ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿੱਚ ਕੁਵੈਤ ਨੂੰ 5-4 ਨਾਲ ਹਰਾਇਆ। ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ‘ਚ ਦੋਵੇਂ ਟੀਮਾਂ 90 ਮਿੰਟ ਤੱਕ 1-1 ਨਾਲ ਬਰਾਬਰੀ ‘ਤੇ ਰਹੀਆਂ। 30 ਮਿੰਟ ਦੇ ਵਾਧੂ ਸਮੇਂ ਵਿੱਚ ਵੀ ਕੋਈ ਵੀ ਟੀਮ ਦੂਜਾ ਗੋਲ ਨਹੀਂ ਕਰ ਸਕੀ। ਅਜਿਹੇ ‘ਚ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ‘ਚ ਹੋਇਆ। ਭਾਰਤ ਇਸ ਤੋਂ ਪਹਿਲਾਂ 1993, 1997, 1999, 2005, 2009, 2011, 2015 ਅਤੇ 2021 ਵਿੱਚ ਚੈਂਪੀਅਨ ਬਣਿਆ ਸੀ। ਟੂਰਨਾਮੈਂਟ ਦੇ 14 ਸਾਲਾਂ ਦੇ ਇਤਿਹਾਸ ਵਿੱਚ, ਭਾਰਤ ਨੌਂ ਵਾਰ ਚੈਂਪੀਅਨ ਬਣ ਕੇ ਉੱਭਰਿਆ ਹੈ ਅਤੇ ਚਾਰ ਵਾਰ ਉਪ ਜੇਤੂ ਰਿਹਾ ਹੈ।