Site icon TheUnmute.com

ਮੀਤ ਹੇਅਰ ਵੱਲੋਂ ਲੋਕਾਂ ਨੂੰ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਨਾਲ ਤਾਲਮੇਲ ਕਰਕੇ ਬਚਾਅ ਕਾਰਜ ਕਰਨ ਦੀ ਅਪੀਲ

Floods

ਚੰਡੀਗੜ੍ਹ, 13 ਜੁਲਾਈ 2023: ਪੰਜਾਬ ਵਿੱਚ ਮੋਹਲੇਧਾਰ ਮੀਂਹ ਨਾਲ ਦਰਿਆਵਾਂ ਦੇ ਸਮਰੱਥਾ ਤੋਂ ਵੱਧ ਚੱਲਣ ਕਾਰਨ ਵਾਪਰ ਰਹੀਆਂ ਪਾੜ ਪੈਣ ਦੀਆਂ ਘਟਨਾਵਾਂ ਅਤੇ ਕੁਝ ਥਾਂਵਾਂ ਉਤੇ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ ਉਤੇ ਪਾੜ ਪੂਰਦੇ ਸਮੇਂ ਵਾਪਰੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਮਰੱਥਾ ਤੋਂ ਵੱਧ ਚੱਲ ਰਹੇ ਦਰਿਆਵਾਂ ਕੰਢੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਾਨਕ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ, ਸੈਨਾ, ਐਨ.ਡੀ.ਆਰ.ਐਫ. ਤੇ ਵਿਭਾਗ ਦੇ ਕਰਮਚਾਰੀਆਂ ਨਾਲ ਤਾਲਮੇਲ ਕਰਕੇ ਬਚਾਅ ਕਾਰਜ ਕਰਨ।

ਮੀਤ ਹੇਅਰ ਨੇ ਕਿਹਾ ਕਿ ਮਨੁੱਖੀ ਜਾਨਾਂ ਦੀ ਰੱਖਿਆ ਸਾਡੀ ਸਭ ਤੋਂ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਆਪਣੇ ਪੱਧਰ ਉੱਤੇ ਕੰਮ ਕਰ ਰਹੇ ਲੋਕਾਂ ਦੇ ਹੌਸਲੇ ਤੇ ਹਿੰਮਤ ਨੂੰ ਉਹ ਦਾਦ ਦਿੰਦੇ ਹਨ ਪਰ ਨਾਲ ਹੀ ਪਾੜ ਪੂਰਦੇ ਸਮੇਂ ਆਪਣਾ ਬਚਾਅ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਸਮੁੱਚਾ ਪ੍ਰਸ਼ਾਸਨ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ। ਜਲ ਸਰੋਤ ਵਿਭਾਗ ਵੱਲੋਂ ਮਿੱਟੀ ਵਾਲੇ ਥੈਲੇ ਤੇ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸੈਨਾ ਤੇ ਐਨ.ਡੀ.ਆਰ.ਐਫ. ਦੇ ਜਵਾਨ ਵੀ ਡਟੇ ਹੋਏ ਹਨ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਪਹਾੜਾਂ ਅਤੇ ਸੂਬੇ ਵਿੱਚ ਮੋਹਲੇਧਾਰ ਬਾਰਸ਼ਾਂ ਕਾਰਨ ਕਈ ਸਾਲਾਂ ਬਾਅਦ ਅਜਿਹੀ ਸਥਿਤੀ ਪੈਦਾ ਹੋਈ ਹੈ ਅਤੇ ਸਾਰੇ ਦਰਿਆ ਆਪਣੀ ਸਮਰੱਥਾ ਤੋਂ ਵੱਧ ਚੱਲ ਰਹੇ ਹਨ। ਕਈ ਜਗ੍ਹਾਂ ਦਰਿਆ ਤੇ ਨਹਿਰਾਂ ਓਵਰਫਲੋ ਵੀ ਹੋਈਆਂ। ਇਸੇ ਤਰ੍ਹਾਂ ਕੁਝ ਥਾਂਵਾਂ ਉਤੇ ਪਾੜ ਪੈਣ ਦੀਆਂ ਘਟਨਾਵਾਂ ਵਾਪਰੀਆਂ ਹਨ। ਅਜਿਹੇ ਵਿੱਚ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ-ਆਪ ਪਾੜ ਪੂਰਨ ਦੀ ਬਜਾਏ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਤਕਨੀਕੀ ਮੱਦਦ ਜ਼ਰੂਰ ਲੈਣ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ।ਇਸ ਔਖੀ ਘੜੀ ਵਿੱਚ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਹਰੇਕ ਜਾਨ ਕੀਮਤੀ ਹੋਣ ਕਰਕੇ ਮਨੁੱਖੀ ਜਾਨ ਦੀ ਰੱਖਿਆ ਹਰ ਕੀਮਤ ਉੱਤੇ ਕਰ ਰਹੀ ਹੈ।

Exit mobile version