ਚੰਡੀਗੜ, 10 ਅਪ੍ਰੈਲ 2023: (MCD Mayor Election) ਦਿੱਲੀ ਦੇ ਮੇਅਰ (Mayor) ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਦੋਵਾਂ ਅਹੁਦਿਆਂ ਲਈ ਚੋਣ 26 ਅਪ੍ਰੈਲ ਨੂੰ ਹੋਵੇਗੀ ਅਤੇ ਨਾਮਜ਼ਦਗੀ ਪ੍ਰਕਿਰਿਆ 12 ਤੋਂ 18 ਅਪ੍ਰੈਲ ਤੱਕ ਚੱਲੇਗੀ। ਮੇਅਰ ਸ਼ੈਲੀ ਓਬਰਾਏ ਦਾ ਕਾਰਜਕਾਲ 31 ਮਾਰਚ ਨੂੰ ਖਤਮ ਹੋ ਚੁੱਕਾ ਹੈ |
ਜਿਵੇਂ ਹੀ ਮੇਅਰ ਦੀ ਚੋਣ ਦੀ ਤਾਰੀਖ਼ ਦਾ ਐਲਾਨ ਹੋਇਆ ਤਾਂ ਨਗਰ ਨਿਗਮ ਵਿਚ ਉਤਸ਼ਾਹ ਵਧ ਗਿਆ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਮੰਨੀਏ ਤਾਂ ਸ਼ੈਲੀ ਓਬਰਾਏ ਦਾ ਮੁੜ ਮੇਅਰ ਉਮੀਦਵਾਰ ਬਣਨਾ ਲਗਭਗ ਤੈਅ ਹੈ। ਮੇਅਰ ਦੀ ਚੋਣ ਦੇ ਨਤੀਜੇ ਨੂੰ ਲੈ ਕੇ ਭਾਵੇਂ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੈ ਪਰ ਸਿਆਸੀ ਖੇਮਿਆਂ ਵਿਚ ਚਰਚਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਪਣਾ ਮੇਅਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰੇਗੀ।
ਮੇਅਰ (Mayor) ਦੀ ਚੋਣ ਲਈ ਕੁੱਲ 274 ਵੋਟਾਂ ‘ਚੋਂ 150 ਵੋਟਾਂ ‘ਆਪ’ ਦੇ ਹੱਕ ‘ਚ ਹਨ, ਜਦਕਿ 116 ਵੋਟਾਂ ਭਾਜਪਾ ਦੇ ਹੱਕ ‘ਚ ਹਨ। ਪਿਛਲੇ ਸਾਲ 7 ਦਸੰਬਰ ਨੂੰ ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਚੋਣਾਂ ਹੋਈਆਂ ਸਨ। ਇਸ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਸੀ ਅਤੇ ਐਮਸੀਡੀ ਵਿੱਚ 15 ਸਾਲਾਂ ਤੋਂ ਸੱਤਾ ਵਿੱਚ ਰਹੀ ਭਾਜਪਾ ਨੂੰ ਹਰਾਇਆ ਸੀ। ‘ਆਪ’ ਨੇ 134 ਸੀਟਾਂ ਜਿੱਤੀਆਂ ਸਨ, ਭਾਜਪਾ 104 ਸੀਟਾਂ ‘ਤੇ ਸਿਮਟ ਗਈ ਸੀ। ਕਾਂਗਰਸ ਨੂੰ ਸਿਰਫ਼ ਨੌਂ ਸੀਟਾਂ ਮਿਲੀਆਂ ਹਨ।
ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ। 22 ਫਰਵਰੀ ਨੂੰ ਮੇਅਰ, ਡਿਪਟੀ ਮੇਅਰ ਦੀ ਚੋਣ ਵਿੱਚ ‘ਆਪ’ ਉਮੀਦਵਾਰ ਸ਼ੈਲੀ ਓਬਰਾਏ ਮੇਅਰ ਅਤੇ ਆਲੇ ਇਕਬਾਲ ਡਿਪਟੀ ਮੇਅਰ ਚੁਣੇ ਗਏ ਸਨ। ਇਸ ਤੋਂ ਬਾਅਦ ਹੀ ਬਵਾਨਾ ਵਾਰਡ ਤੋਂ ‘ਆਪ’ ਕੌਂਸਲਰ ਰਹੇ ਪਵਨ ਸਹਿਰਾਵਤ ਭਾਜਪਾ ‘ਚ ਸ਼ਾਮਲ ਹੋ ਗਏ ਸਨ।