ਲੈਬ ਟੈਸਟ

ਮਿਆਰੀ ਉਸਾਰੀ ਕਾਰਜਾਂ ਲਈ ਮੈਟੀਰੀਅਲ ਦੇ ਰਾਜ ਭਰ ‘ਚੋਂ ਵੱਧ ਤੋਂ ਵੱਧ ਲੈਬ ਟੈਸਟ ਕਰਵਾਏ ਜਾਣਗੇ: ਹਰਭਜਨ ਸਿੰਘ ਈਟੀਓ

ਪਟਿਆਲਾ, 18 ਜਨਵਰੀ 2023: ਪੰਜਾਬ ਅੰਦਰ ਕਰਵਾਏ ਜਾਂਦੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਪਰਖਣ ਲਈ ਲੋਕ ਨਿਰਮਾਣ ਵਿਭਾਗ ਦੀ ਪਟਿਆਲਾ ਸਥਿਤ ਰਿਸਰਚ ਲੈਬਾਰਟਰੀ ਵਿੱਚੋਂ ਮੈਟੀਰੀਅਲ ਦੇ ਵੱਧ ਤੋਂ ਵੱਧ ਟੈਸਟ ਕਰਵਾਏ ਜਾਣੇ ਯਕੀਨੀ ਬਣਾਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਇੱਥੇ ਬੀਤੀ ਸ਼ਾਮ ਪੀ.ਡਬਲਿਯੂ.ਡੀ. ਰਿਸਰਚ ਲੈਬਾਰਟਰੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਇਸ ਲੈਬ ਦੀ ਦੇਖ-ਰੇਖ ਕਰ ਰਹੇ ਨਿਗਰਾਨ ਇੰਜੀਨੀਅਰ ਰਣਧੀਰ ਸਿੰਘ ਤੋਂ ਲੈਬਾਰਟਰੀ ਵਿਖੇ ਕੀਤੇ ਜਾਂਦੇ ਵੱਖ-ਵੱਖ ਟੈਸਟਾਂ ਦੀ ਜਾਣਕਾਰੀ ਹਾਸਲ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਰਾਜ ਅੰਦਰ ਕਰਵਾਏ ਜਾਂਦੇ ਨਿਰਮਾਣ ਤੇ ਵਿਕਾਸ ਕਾਰਜਾਂ ਦਾ ਮਿਆਰ ਉਚ ਪੱਧਰ ਦਾ ਰੱਖਣ ਅਤੇ ਇਨ੍ਹਾਂ ਦੀ ਗੁਣਵੱਤਾ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਇਸ ਲੈਬ ਵਿੱਚੋਂ ਵੱਧ ਤੋਂ ਵੱਧ ਟੈਸਟ ਕਰਵਾਏ ਜਾਣ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਲਈ ਸਾਰੇ ਉਸਾਰੀ ਕਾਰਜਾਂ ਨੂੰ ਵੀ ਭ੍ਰਿਸ਼ਟਾਚਾਰ ਰਹਿਤ ਕਰਵਾਉਣ ਲਈ ਉਸਾਰੀ ਕੰਮ ਦੀ ਅਤੇ ਇਸ ‘ਚ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਲੈਬਾਰਟਰੀ ਪਰਖ ਕਰਵਾਉਣੀ ਯਕੀਨੀ ਬਣਾਈ ਜਾਵੇਗੀ।

ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਸ ਰਿਸਰਚ ਲੈਬ ਨੇ ਇਸ ਵਿੱਤੀ ਵਰ੍ਹੇ ਵਿੱਚ ਹੁਣ ਤੱਕ 60 ਲੱਖ ਰੁਪਏ ਦੇ ਟੈਸਟ ਕੀਤੇ ਹਨ, ਕਿਉਂਕਿ ਇੱਥੇ ਕੀਤੇ ਜਾਂਦੇ ਟੈਸਟਾਂ ਦੀ ਸਾਰੇ ਵਿਭਾਗਾਂ ਤੋਂ ਫੀਸ ਵੀ ਲਈ ਜਾਂਦੀ ਹੈ ਅਤੇ ਕੇਵਲ ਵਿਜੀਲੈਂਸ ਵੱਲੋਂ ਕਰਵਾਏ ਜਾਣ ਵਾਲੇ ਟੈਸਟ ਹੀ ਮੁਫ਼ਤ ਕੀਤੇ ਜਾਂਦੇ ਹਨ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਦੀ ਐਨ.ਏ.ਬੀ.ਐਲ. ਐਕਰੀਡੇਟਿਡ ਇਸ ਲੈਬਾਰਟਰੀ ਵਿਖੇ ਮੈਟੀਰੀਅਲ ਦੇ ਸੈਂਪਲ ਲਿਆਉਣ, ਇਨ੍ਹਾਂ ਦੀ ਟੈਸਟਿੰਗ ਸਮੇਤ ਪੁਲਾਂ ‘ਚ ਵਰਤੇ ਜਾਂਦੇ ਸਰੀਏ ਦੀ ਟੈਸਟਿੰਗ, ਇੱਟਾਂ, ਸੀਮਿੰਟ, ਬਜ਼ਰੀ, ਰੇਤਾ, ਲੁੱਕ, ਟਾਇਲਾਂ, ਕੰਮ ਦੇ ਡੀਜ਼ਾਇਨ ਦੇ ਟੈਸਟਾਂ ਤੋਂ ਇਲਾਵਾ ਮਿੱਟੀ ਦੇ ਭਾਰ ਸਹਿਣ ਦੀ ਸਮਰੱਥਾ ਟੈਸਟਿੰਗ ਸਮੇਤ 63 ਪੈਮਾਨੇ ਦੇ ਵੱਖ-ਵੱਖ ਟੈਸਟ ਕੀਤੇ ਜਾਂਦੇ ਹਨ ਤਾਂ ਕਿ ਸੂਬੇ ਦੇ ਉਸਾਰੀ ਕਾਰਜਾਂ ਨੂੰ ਮਿਆਰੀ ਬਣਾਇਆ ਜਾ ਸਕੇ। ਇਸ ਮੌਕੇ ਵਿਭਾਗ ਦੇ ਜੁਆਇੰਟ ਸੈਕਟਰੀ ਸਕੱਤਰ ਸਿੰਘ ਬੱਲ ਵੀ ਮੌਜੂਦ ਸਨ।

Scroll to Top