ਚੰਡੀਗੜ੍ਹ ,3 ਅਗਸਤ 2021: ਕੋਵਿਡ-19 ਦੌਰਾਨ ਜਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਜੱਚਾ ਬੱਚਾ ਸਿਹਤ ਪ੍ਰੋਗਰਾਮ ਅਧੀਨ ਮਿਆਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅੰਦੇਸ ਕੰਗ ਨੇ ਅਪ੍ਰੈਲ 2020 ਤੋਂ ਮਾਰਚ 2021 ਤੱਕ ਦੇ ਅੰਕੜਿਆਂ ਨੂੰ ਸਾਂਝਾ ਕੀਤਾ ਜਿੱਥੇ ਜੱਚਾ ਬੱਚਾ ਸਿਹਤ ਸੇਵਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ, ਕੁੱਲ 100 ਫ਼ੀਸਦ ਰਜਿਸਟਰਡ ਗਰਭਵਤੀ ਮਹਿਲਾਵਾਂ ਵਿੱਚੋਂ 98.54 ਫ਼ੀਸਦ ਜਣੇਪੇ ਹਸਪਤਾਲਾਂ ਵਿੱਚ ਹੋਏ ਹਨ।
ਕੋਵਿਡ -19 ਮਹਾਂਮਾਰੀ ਦੌਰਾਨ, ਮੈਡੀਕਲ ਸਟਾਫ਼ ਜਿਆਦਾਤਰ ਕੋਵਿਡ ਸੰਬੰਧੀ ਡਿਊਟੀਆਂ ਵਿੱਚ ਲੱਗੇ ਹੋਏ ਸਨ ਅਤੇ ਇਸ ਦੇ ਨਾਲ ਹੀ ਮੈਡੀਕਲ ਸਟਾਫ਼ ਵੱਲੋਂ ਹੋਰ ਜਰੂਰੀ ਮੈਡੀਕਲ ਸੇਵਾਵਾਂ ਜਿਵੇਂ ਜੱਚਾ ਬੱਚਾ ਸਿਹਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ।
ਉਹਨਾਂ ਦੱਸਿਆ ਕਿ ਹਾਲਾਂਕਿ ਸਿਹਤ ਵਿਭਾਗ ਨੇ ਚੋਣਵੀਆਂ ਸਰਜਰੀਆਂ ਬੰਦ ਕਰ ਦਿੱਤੀਆਂ ਸਨ ਪਰ ਸਿਹਤ ਵਿਭਾਗ ਦੇ ਮੈਡੀਕਲ ਸਟਾਫ਼ ਵੱਲੋਂ ਕੋਵਿਡ ‘ਤੇ ਆਪਣਾ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ 247 ਜੱਚਾ ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਨੂੰ 108 ਰਾਹੀਂ ਮੁਫ਼ਤ ਪਿਕ ਐਂਡ ਡ੍ਰਾਪ ਸੇਵਾ ਪ੍ਰਦਾਨ ਕਰਨ ਦੇ ਨਾਲ-ਨਾਲ ਆਮ ਜਣੇਪੇ ਲਈ ਤਿੰਨ ਦਿਨ ਅਤੇ ਸੀਜੇਰੀਅਨ ਸੈਕਸਨ ਲਈ ਸੱਤ ਦਿਨ ਦਾ ਭੋਜਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਾ. ਅੰਦੇਸ ਕੰਗ ਨੇ ਕਿਹਾ ਕਿ “ਸੁਰੱਖਿਅਤ ਡਿਲੀਵਰੀ ਹਰ ਮਾਂ ਅਤੇ ਬੱਚੇ ਦਾ ਬੁਨਿਆਦੀ ਅਧਿਕਾਰ ਹੈ, ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜੱਚਾ ਬੱਚਾ ਸਿਹਤ ਸੇਵਾਵਾਂ ਅਧੀਨ ਸੁਰੱਖਿਅਤ ਡਿਲਿਵਰੀ ਸੇਵਾ ਲੈਣ ਲਈ ਪ੍ਰੇਰਿਤ ਕਰਕੇ ਸਾਨਦਾਰ ਕੰਮ ਕੀਤਾ ਗਿਆ ਹੈ।“ ਕੋਵਿਡ -19 ਕਾਰਨ ਸਿਹਤ ਸੇਵਾਵਾਂ ਲੈਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਖੇਤਰ ਵਿੱਚ ਲੱਗੇ ਸਟਾਫ਼ ਦੀ ਸਹਾਇਤਾ ਨਾਲ ਲਾਭਪਾਤਰੀ ਜਣੇਪੇ ਲਈ ਸਿਹਤ ਸਹੂਲਤਾਂ ਵਿੱਚ ਪਹੁੰਚ ਰਹੇ ਹਨ।
ਡਾ. ਕੰਗ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਸਿਹਤ ਸਹੂਲਤਾਂ ਵਿੱਚ ਕੋਵਿਡ -19 ਦਿਸਾ ਨਿਰਦੇਸਾਂ ਦੀ ਪਾਲਣਾ ਕਰਦਿਆਂ ਲੇਬਰ ਰੂਮਾਂ ਵਿੱਚ ਪੂਰੀ ਸੁਰੱਖਿਆ ਅਤੇ ਦੇਖਭਾਲ ਨਾਲ ਕੋਵਿਡ ਪਾਜ਼ੇਟਿਵ ਗਰਭਵਤੀ ਮਹਿਲਾਵਾਂ ਦੇ ਸਫ਼ਲਤਾਪੂਰਵਕ ਜਣੇਪੇ ਕੀਤੇ ਗਏ।
ਸਟੇਟ ਪ੍ਰੋਗਰਾਮ ਅਫ਼ਸਰ, ਐਮਸੀਐਚ ਡਾ. ਇੰਦਰਦੀਪ ਕੌਰ ਨੇ ਕਿਹਾ ਕਿ ਜੱਚਾ ਬੱਚਾ ਸਿਹਤ ਪ੍ਰੋਗਰਾਮ ਜਰੂਰੀ ਸੇਵਾਵਾਂ ਦਾ ਹਿੱਸਾ ਹੈ ਜਿਸ ਵਿੱਚ ਗਰਭਵਤੀ ਮਹਿਲਾਵਾਂ ਦੇ ਰਜਿਸਟ੍ਰੇਸਨ ਤੋਂ ਲੈ ਕੇ ਬੱਚੇ ਦੀ ਡਿਲਿਵਰੀ ਅਤੇ ਨਿਰਧਾਰਤ ਸਮੇਂ ਅਨੁਸਾਰ ਬੱਚੇ ਦਾ ਪੂਰਾ ਟੀਕਾਕਰਨ ਕਰਨਾ ਸਾਮਲ ਹੈ।
ਉਹਨਾਂ ਅੱਗੇ ਕਿਹਾ ਕਿ ਗਰਭ ਅਵਸਥਾ ਦੀ ਜਲਦ ਤੇ ਸਮੇਂ ਸਿਰ ਰਜਿਸਟਰੇਸਨ ਇੱਕ ਜ਼ਰੂਰੀ ਕਦਮ ਹੈ ਜਿਸ ਤਹਿਤ ਇੱਕ ਗਰਭਵਤੀ ਮਹਿਲਾ ਨੂੰ ਪਹਿਲੀ ਤਿਮਾਹੀ ਵਿੱਚ ਰਜਿਸਟਰਡ ਕੀਤਾ ਜਾਂਦਾ ਹੈ ਅਤੇ ਬੱਚੇ ਦੇ ਜਨਮ ਤੋਂ ਪਹਿਲਾਂ ਘਰ ਵਿੱਚ ਹੀ 4 ਵਾਰ ਜਾਂਚ ਕਰਨ ਸਬੰਧੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।
ਡਾ. ਕੌਰ ਨੇ ਕਿਹਾ ਕਿ ਏਐਨਐਮ ਅਤੇ ਆਸਾ ਨਿਯਮਤ ਤੌਰ ‘ਤੇ ਲਾਭਪਾਤਰੀ ਦੀ ਗਰਭ ਅਵਸਥਾ ਦੌਰਾਨ ਨਿਗਰਾਨੀ ਕਰਦੇ ਹਨ ਅਤੇ ਉਸਦੀ ਸਿਹਤ ਸਥਿਤੀ ਅਨੁਸਾਰ ਉਸਦੀ ਜਣੇਪੇ ਸਬੰਧੀ ਯੋਜਨਾ ਤਿਆਰ ਕੀਤੀ ਜਾਂਦੀ ਹੈ ਅਤੇ ਜਣੇਪੇ ਲਈ ਨੇੜਲੇ ਹਸਪਤਾਲ ਪਹੁੰਚਣ ਵਿੱਚ ਉਸਦੀ ਸਹਾਇਤਾ ਕੀਤੀ ਜਾਂਦੀ ਹੈ।