ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute
2019 ਨੂੰ ਮੈਂ ਉਹਨਾਂ ਦੇ ਹਵਾਲੇ ਨਾਲ ਇਹ ਸਟੋਰੀ ਕੀਤੀ ਸੀ। ਪੰਜਾਬ ਸਰਕਾਰ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਕਿ ਉਹ ਦੱਸੀ ਨਿਸ਼ਾਨੀ ‘ਤੇ ਯਾਦਗਾਰ ਬਣਾਵੇ।
ਅੰਬਰਸਰ ‘ਚ ਗਵਾਚਿਆ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਘਰ
ਅੰਮ੍ਰਿਤਸਰ ਕੱਟੜਾ ਦਲ ਸਿੰਘ ਦੀਆਂ ਗਲੀਆਂ ‘ਚ ਇੱਕ ਜ਼ਿਕਰ ਅਕਸਰ ਸੁਣੀਂਦਾ ਹੈ ਕਿ ਇੱਥੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਆਪਣੇ ਆਖਰੀ ਸਾਲਾਂ ‘ਚ ਰਹਿੰਦੇ ਰਹੇ ਹਨ।ਉਹ ਫੌਤ ਵੀ ਇੱਥੇ ਹੋਏ ਅਤੇ ਉਹਨਾਂ ਦੀ ਦੇਹ ਨੂੰ ਸਸਕਾਰ ਲਈ ਉਹਨਾਂ ਦੇ ਪਿੰਡ ਸਰਹਾਲੀ ਵਿਖੇ ਲਜਾਇਆ ਗਿਆ।
ਗੁਰਦੁਆਰਾ ਕੌਲਸਰ ਸਾਹਿਬ ਦੇ ਸਾਹਮਣੇ ਇਸ ਵੇਲੇ ਨਗਰ ਨਿਗਮ ਦਾ ਪਾਣੀ ਸਪਲਾਈ ਕਰਨ ਵਾਲਾ ਕੋਠਾ ਹੈ।ਇੱਥੇ ਸ. ਕਰਮ ਸਿੰਘ ਦਾ ਘਰ ਸੀ ਜਿੰਨ੍ਹਾਂ ਦਾ ਪਿਛੋਕੜ ਸਰਹਾਲੀ ਦਾ ਸੀ।ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਆਖਰੀ ਸਾਲਾਂ ‘ਚ ਇੱਥੇ ਆਪਣੇ ਪਿੰਡ ਵਾਲੇ ਕਰਮ ਸਿੰਘ ਦੇ ਘਰ ਰਹਿੰਦੇ ਰਹੇ ਹਨ ਅਤੇ ਇੱਥੇ ਹੀ ਉਹ ਅਕਾਲ ਚਲਾਣਾ ਕਰ ਗਏ।ਕੱਟੜਾ ਦਲ ਸਿੰਘ ਦੇ ਮਨਦੀਪ ਸਿੰਘ ਕਹਿੰਦੇ ਹਨ ਕਿ ਉਹਨਾਂ ਦੇ ਘਰ ਬਾਰੇ ਨਗਰ ਨਿਗਮ ਦਾ ਰਿਕਾਰਡ ਕੀ ਕਹਿੰਦਾ ਹੈ ਇਸ ਬਾਰੇ ਤਾਂ ਨਹੀਂ ਪਤਾ ਪਰ ਦਰਬਾਰ ਸਾਹਿਬ ਦੇ ਨਾਲ ਲੱਗਦੀ ਕੱਟੜਾ ਦਲ ਸਿੰਘ ਦੀ ਇਹ ਗਲੀ ਬਾਬਾ ਗੁਰਦਿੱਤ ਸਿੰਘ ਮਾਰਗ ਹੀ ਵੱਜਦੀ ਹੈ।
ਹਵਾਲਾ ਆਖਰੀ ਗਵਾਹ ਦੀ ਜ਼ੁਬਾਨੀ (ਹੁਣ ਮਾਤਾ ਜੀ ਪੂਰੇ ਹੋ ਗਏ ਹਨ। ਜਿੱਥੇ ਹਨ ਉੱਥੇ ਸਨ ਪੜ੍ਹਿਆ ਜਾਵੇ)
ਮਾਤਾ ਸੁਰਜੀਤ ਕੌਰ 108 ਸਾਲ ਦੇ ਸਨ।ਨਵੇਂ ਧਰਮਪੁਰੇ ਲਾਹੌਰ ਦੀਆਂ ਗਲੀਆਂ ਤੋਂ ਵੰਡ ਦਾ ਪਰਵਾਸ ਅੰਬਰਸਰ ਨੂੰ ਹੋਇਆ।ਸੁਰਜੀਤ ਕੌਰ ਕਹਿੰਦੇ ਹਨ ਕਿ ਉਹਨਾਂ ਦਿਨਾਂ ‘ਚ ਮੈਂ 25 ਜਾਂ 26 ਸਾਲਾਂ ਦੀ ਹੋਵਾਂਗੀ ਪਰ ਸਾਫ ਕੁਝ ਯਾਦ ਨਹੀਂ।ਉਦੋਂ ਉਮਰਾਂ ਗਿਣਨ ਦਾ ਬਹੁਤਾ ਰਿਵਾਜ਼ ਨਹੀਂ ਸੀ।ਮਾਤਾ ਸੁਰਜੀਤ ਦੇ ਆਪਣੇ ਮਾਂ ਪਿਓ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਸਨ।ਆਪ ਉਹ ਆਪਣੇ ਤਾਏ ਦੀ ਧੀ ਘਰ ਰਹਿੰਦੇ ਸਨ।ਉਹਨਾਂ ਮੁਤਾਬਕ ਉਹਨਾਂ ਦੇ ਚਾਚੇ ਤਾਇਆ ਦਾ ਪਰਿਵਾਰ ਅੱਜ ਵੀ ਲਹਿੰਦੇ ਪੰਜਾਬ ‘ਚ ਹੈ ਅਤੇ ਸਿੱਖ ਹੀ ਹੈ।47 ਦੇ ਹੱਲਿਆਂ ‘ਚ ਨਵੇਂ ਧਰਮਪੁਰੇ ਬਜ਼ਾਰ ‘ਚ ਜਦੋਂ ਧਾੜਵੀ ਪਏ ਤਾਂ ਉਹ ਘਰ ‘ਚ ਇੱਕਲੀ ਸੀ।ਉਸ ਨਾਲ ਗੁਆਂਢ ਦੀਆਂ ਪੰਜ ਛੇ ਕੁੜੀਆਂ ਹੋਰ ਸਨ।ਉਹਨਾਂ ਨੂੰ ਇੱਕ ਰੱਬ ਦੇ ਬੰਦੇ ਮੌਲਵੀ ਨੇ ਬਚਾਇਆ ਸੀ।
ਬਾਬਾ ਗੁਰਦਿੱਤ ਸਿੰਘ ਅਤੇ ਦੇਸ਼
ਉਮੀਦ ਭਰੀ ਰੌਸ਼ਨੀ ਅੱਖਾਂ ‘ਚ ਲੈ ਮਾਤਾ ਸੁਰਜੀਤ ਕੌਰ ਵਤਨ ਅਤੇ ਮਿੱਟੀ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਦੇਸ਼ ਲਈ ਕੁਝ ਕਰੋ।ਉਹਨਾਂ ਦੀਆਂ ਯਾਦਾਂ ‘ਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਜ਼ਿਕਰ ਹੈ।ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਉਹ ਜਦੋਂ ਬਾਬਾ ਗੁਰਦਿੱਤ ਸਿੰਘ ਨੂੰ ਮਿਲੇ ਸੀ ਤਾਂ ਉਹ ਗੁਰਦੁਆਰਾ ਕੌਲਸਰ ਵਾਲੇ ਪਾਸਿਓਂ ਆ ਰਹੀ ਸੀ।ਮੈਂ ਸਲਾਈ ਕਢਾਈ ਦਾ ਕੰਮ ਕਰਦੀ ਸਾਂ ਅਤੇ ਉਹਨਾਂ ਦੇ ਕਛਹਿਰੇ ਮੈਂ ਸਿਉਂਦੀ ਰਹੀ ਹਾਂ।ਉਹਨਾਂ ਮੁਤਾਬਕ ਬਾਬਾ ਗੁਰਦਿੱਤ ਸਿੰਘ ਚੜ੍ਹਦੀਕਲਾ ਵਾਲੇ ਬੰਦੇ ਸਨ ਅਤੇ ਉਹਨਾਂ ਨੂੰ ਮੈਂ ਆਖਰੀ ਛੇ-ਸੱਤ ਸਾਲ ਵੇਹੰਦੀ ਰਹੀ ਹਾਂ।ਮੇਰੇ ਪਤੀ ਵੀਰ ਸਿੰਘ ਵੀਰ ਵੀ ਉਹਨਾਂ ਨੂੰ ਮਿਲਦੇ ਸਨ।ਉਹਨਾਂ ਦੇ ਆਖਰੀ ਸਵਾਸ ਛੱਡਣ ਵੇਲੇ ਵੀ ਅਸੀਂ ਉਹਨਾਂ ਕੋਲ ਸਾਂ।ਉਸ ਸਮੇਂ ਉਹਨਾਂ ਦੇ ਪਤੀ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ,ਕੇਹਰ ਸਿੰਘ (ਘਰ ਦੇ ਮਾਲਕ),ਰਾਧਾ ਕ੍ਰਿਸ਼ਨ (ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਧਾਨ ਰਹੇ ਹਨ),ਦਰਸ਼ਨ ਸਿੰਘ ਫੇਰੂਮਾਨ ਵੀ ਹਾਜ਼ਰ ਸਨ।ਉਹਨਾਂ ਦੀ ਮ੍ਰਿਤਕ ਦੇਹ ਨੂੰ ਇੱਥੋਂ ਪਿੰਡ ਸਰਹਾਲੀ ਲਜਾਇਆ ਗਿਆ ਸੀ ਜਿੱਥੇ ਉਹਨਾਂ ਦਾ ਸਸਕਾਰ ਹੋਇਆ।ਪੰਜਾਬ ਸਰਕਾਰ ਨੇ 2014 ‘ਚ ਕਾਮਾਗਾਟਾ ਮਾਰੂ ਦੀ ਵਰ੍ਹੇ ਗੰਢ ਮੌਕੇ ਬਾਬਾ ਗੁਰਦਿੱਤ ਸਿੰਘ ਦਾ ਘਰ ਬਣਾਉਣ ਦਾ ਐਲਾਨ ਕੀਤਾ ਸੀ।ਪਰ ਅੱਜ ਦੀ ਤਾਰੀਖ਼ ਤੱਕ ਉਹਨਾਂ ਦਾ ਘਰ ਯਾਦਗਰ ਵਜੋਂ ਨਹੀਂ ਬਣਾਇਆ ਗਿਆ।ਮਾਤਾ ਸੁਰਜੀਤ ਕੌਰ ਕਹਿੰਦੇ ਹਨ ਕਿ ਇਹੋ ਨਹੀਂ ਗਿਆਨੀ ਜ਼ੈਲ ਸਿੰਘ ਹੁਣਾਂ ਵੀ ਕਿਹਾ ਸੀ ਕਿ ਅੰਮ੍ਰਿਤਸਰ ਉਹਨਾਂ ਦੀ ਯਾਦ ਨੂੰ ਸਮਰਪਿਤ ਘਰ ਬਣਾਵਾਂਗੇ ਪਰ ਨਹੀਂ ਬਣਿਆ।
ਸ਼੍ਰੀ ਹਰਿਮੰਦਰ ਸਾਹਿਬ ਅਤੇ ਵੰਡ 47
ਮਾਤਾ ਸੁਰਜੀਤ ਕੌਰ ਦੱਸਦੇ ਹਨ ਕਿ ਵੰਡ ਵੇਲੇ ਉਹਨਾਂ ਲਈ ਆਸਰੇ ਦਾ ਠਿਕਾਣਾ ਦਰਬਾਰ ਸਾਹਿਬ ਦੀਆਂ ਪਰਿਕਰਮਾ ਬਣੀਆ।ਇੱਥੇ ਹਜ਼ਾਰਾਂ ਰਫਿਊਜੀਆਂ ਨੂੰ ਥਾਂ ਮਿਲੀ।ਗੁਰੂ ਰਾਮਦਾਸ ਜੀ ਦੇ ਲੰਗਰ ‘ਚੋਂ ਲੰਗਰ ਛੱਕਦੇ ਅਤੇ ਇੱਥੇ ਹੀ ਸੇਵਾ ਕਰਦੇ।ਮਾਤਾ ਜੀ ਮੁਤਾਬਕ ਉਹਨਾਂ ਵੇਲਿਆਂ ‘ਚ ਵੀ ਗੁਰੂ ਘਰ ਦਾ ਲੰਗਰ ਕਦੀ ਥੁੜ੍ਹਿਆ ਨਹੀਂ।ਇੱਕ ਵਾਰੀ ਲੰਗਰ ‘ਚ ਰਸਦ ਘਟੀ ਤਾਂ ਮਾਲਵੇ ‘ਚੋਂ ਬਾਜਰੇ ਦਾ ਭਰਿਆ ਗੱਡਾ ਪਹੁੰਚ ਗਿਆ।ਅਸਾਂ ਸਾਰੀਆਂ ਬੀਬੀਆਂ ਚੱਕੀ ਡਾਹੀ ਅਤੇ ਬਾਜਰਾ ਪੀਸਿਆ।ਉਹਨਾਂ ਵੇਲਿਆਂ ‘ਚ ਜੇ ਕੱਟ ਵੱਡ ਸੀ ਤਾਂ ਹੱਥਾਂ ਨੂੰ ਹੱਥਾਂ ਦਾ ਸਹਾਰਾ ਵੀ ਸੀ।ਇੱਥੋਂ ਫੇਰ ਮੈਨੂੰ ਮੇਰੀ ਭੂਆ ਦਾ ਪੁੱਤ ਲੈ ਗਿਆ ਅਤੇ ਮੇਰਾ ਵਿਆਹ ਅਜ਼ਾਦੀ ਘੁਲਾਟੀਏ ਜੁਝਾਰੂ ਕਵੀ ਵੀਰ ਸਿੰਘ ਵੀਰ ਨਾਲ ਇੱਕ ਰੁਪਏ ਦੇ ਸ਼ਗਨ ਨਾਲ ਹੋਇਆ।ਉਹਨਾਂ ਮੁਤਾਬਕ ਕੱਟੜਾ ਦਲ ਸਿੰਘ ਦਾ ਇਹ ਮੁਹੱਲਾ ਬਹੁਤ ਖਾਸ ਹੈ।ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਘਰ ਵੀ ਇਸੇ ਗਲੀ ‘ਚ ਹੈ।ਉਹਨਾਂ ਦੀ ਮਾਤਾ ਅਤੇ ਉਹ ਇੱਕਠੇ ਸਲਾਈ ਕਢਾਈ ਦਾ ਕੰਮ ਕਰਦੇ ਰਹੇ ਹਨ।
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ (1861-1954) ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਹਾਲੀ ‘ਚ ਹੋਇਆ ਸੀ।ਇਹਨਾਂ ਦੇ ਦਾਦਾ ਸਿੱਖ ਫੌਜ ‘ਚ ਸਨ ਅਤੇ ਪਿਤਾ ਕਿਸਾਨ ਸਨ।1870 ‘ਚ ਗੁਰਦਿੱਤ ਸਿੰਘ ਮਲੇਸ਼ੀਆ ਚਲੇ ਗਏ।1885 ‘ਚ ਇਹਨਾਂ ਦਾ ਪਹਿਲਾ ਵਿਆਹ ਹੋਇਆ।ਪਹਿਲੇ ਵਿਆਹ ‘ਚੋਂ ਦੋ ਕੁੜੀਆਂ ਅਤੇ ਇੱਕ ਮੁੰਡਾ ਸੀ।ਤਿੰਨਾਂ ਦੀ ਹੀ ਮੌਤ ਹੋ ਗਈ ਸੀ।ਇਹਨਾਂ ਦੀ ਦੂਜੀ ਪਤਨੀ ‘ਚੋਂ ਬਲਵੰਤ ਸਿੰਘ ਇਹਨਾਂ ਦਾ ਪੁੱਤਰ ਸੀ ਜੋ ਇਹਨਾਂ ਦਾ ਵਾਰਸ ਬਣਿਆ।ਬਾਬਾ ਗੁਰਦਿੱਤ ਸਿੰਘ ਨੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਬਣਾਈ ਸੀ।ਇਸੇ ਤਹਿਤ ਇਹਨਾਂ ਜਪਾਨੀਆਂ ਤੋਂ ਕਾਮਾਗਾਟਾ ਮਾਰੂ ਜਹਾਜ਼ ਖਰੀਦਿਆ ਸੀ ਜਿਹਦਾ ਬਾਅਦ ‘ਚ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ।
1914 ਵਿੱਚ ਹਾਂਗਕਾਂਗ ਤੋਂ ਕਨੇਡਾ ਭਾਰਤੀ ਯਾਤਰੂਆਂ ਨਾਲ ਜਹਾਜ਼ ਪਹੁੰਚਿਆ ਸੀ।ਇਸੇ ਤਹਿਤ ਇਹਨਾਂ ਕਨੇਡੀਅਨ ਪਰਵਾਸੀ ਕਾਨੂੰਨ ਨੂੰ ਵੰਗਾਰਿਆ ਸੀ ਕਿਉਂ ਕਿ ਇਸ ਕਾਨੂੰਨ ਅਧੀਨ ਭਾਰਤੀਆਂ ਦੇ ਆਗਮਨ ਨੂੰ ਬੰਦ ਕਰਨ ਦਾ ਬੰਦੋਬਸਤ ਸੀ।ਇਹੋ ਜਹਾਜ਼ ਇਹਨਾਂ ਵਿਰੋਧੀ ਹਲਾਤਾਂ ‘ਚੋਂ ਲੰਘਦਾ 29 ਸਤੰਬਰ 1914 ਨੂੰ ਕੱਲਕੱਤਾ ਦੇ ਬੱਜਬੱਜ ਘਾਟ ‘ਤੇ ਪਹੁੰਚਿਆ ਜਿੱਥੋਂ ਜਹਾਜ਼ ‘ਚ ਸ਼ਾਮਲ ਸਾਰੇ ਸਰਕਾਰ ਦੇ ਵਿਦਰੋਹੀ ਸਨ ਅਤੇ ਇਹਨਾਂ ਸਭ ਨੂੰ ਗ੍ਰਿਫਤਾਰ ਕਰਕੇ ਪੰਜਾਬ ਵਿੱਚ ਉਹਨਾਂ ਦੇ ਘਰੋ ਘਰੀਂ ਵਾਪਸ ਭੇਜਿਆ ਗਿਆ।
ਇਸ ਦੌਰਾਨ ਸਿੱਖ ਮੁਸਾਫਰਾਂ ਨੇ ਵਾਪਸ ਜਾਣ ਤੋਂ ਮਨ੍ਹਾਂ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਆਪਣੇ ਸਿਰ ਉੱਪਰ ਚੁੱਕਕੇ ਸ਼ਹਿਰ ‘ਚ ਸਰਕਾਰ ਵਿਰੁੱਧ ਜਲੂਸ ਕੱਢਿਆ।ਇਸ ਦੌਰਾਨ 18 ਸਿੱਖ ਮਾਰੇ ਗਏ,25 ਜ਼ਖ਼ਮੀ ਹੋਏ ਅਤੇ ਬਾਬਾ ਗੁਰਦਿੱਤ ਸਿੰਘ ਬੱਚ ਨਿਕਲੇ ਅਤੇ ਸੱਤ ਸਾਲ ਅੰਗਰੇਜ਼ ਸਰਕਾਰ ਤੋਂ ਗ੍ਰਿਫਤਾਰੀ ਲਈ ਲੁਕਣ ਮੀਟੀ ਖੇਡਦੇ ਰਹੇ।15 ਨਵੰਬਰ 1921 ਨੂੰ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮੌਕੇ ਬਾਬਾ ਗੁਰਦਿੱਤ ਸਿੰਘ ਨੇ ਆਪਣੀ ਗ੍ਰਿਫਤਾਰੀ ਦਿੱਤੀ।
ਇਸ ਤੋਂ ਬਾਅਦ ਕਈ ਵਾਰ ਭੜਕਾਊ ਭਾਸ਼ਨ ਦੇਣ ਤੋਂ ਲੈਕੇ ਸਰਕਾਰ ਵਿਰੋਧੀ ਕਾਰਵਾਈਆਂ ਕਰਕੇ ਵੱਖ ਵੱਖ ਸਮੇਂ ‘ਚ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ।1937 ਵਿੱਚ ਇਹਨਾਂ ਇੰਡੀਅਨ ਨੈਸ਼ਨਕ ਕਾਂਗਰਸ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭ ਦੀ ਚੋਣ ਲੜੀ ਪਰ ਅਕਾਲੀ ਉਮੀਦਵਾਰ ਪਰਤਾਪ ਸਿੰਘ ਕੈਰੋਂ ਤੋਂ ਹਾਰ ਗਏ।ਬਾਬਾ ਗੁਰਦਿੱਤ ਸਿੰਘ ਨੇ 1934 ‘ਚ ਅਕਾਲੀਆਂ ਵੱਲੋਂ ਸਰਬ-ਸੰਪਰਦਾਇ ਕਾਨਫਰੰਸ ‘ਚ ਵੀ ਹਿੱਸਾ ਲਿਆ ਸੀ।24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਅਕਾਲ ਚਲਾਣਾ ਕਰ ਗਏ।ਕਹਿੰਦੇ ਹਨ ਕਿ ਬਾਬਾ ਗੁਰਦਿੱਤ ਸਿੰਘ ਨੇ ਜਿਹੜੀ ਹੱਡ ਬੀਤੀ ਲਿਖੀ ਅਤੇ ਜਿਵੇਂ ਉਹ ਕੇਸ ਲੜਦੇ ਰਹੇ ਉਹਨਾਂ ‘ਚ ਜ਼ਿਕਰ ਸੀ ਗੁਰੂ ਨਾਨਕ ਜਹਾਜ਼ ਅਤੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦਾ ਅਤੇ ਉਹ ਚਾਹੁੰਦੇ ਸਨ ਕਿ ਦੁਨੀਆਂ ਉਹਨਾਂ ਦੇ ਜਹਾਜ਼ ਨੂੰ ਇਸ ਨਾਮ ਨਾਲ ਹੀ ਜਾਣੇ।ਅਖੀਰ ਬਾਬਾ ਗੁਰਦਿੱਤ ਸਿੰਘ ਦਾ ਜਹਾਜ਼ ਕਾਮਾਗਾਟਾ ਮਾਰੂ ਹੀ ਰਿਹਾ।