ਚੰਡੀਗੜ੍ਹ, 10 ਅਗਸਤ 2023: ਪੰਜਾਬੀ ਫ਼ਿਲਮਾਂ ਤੇ ਟੀ.ਵੀ ਸੀਰੀਅਲ ਦੇ ਲੇਖਕ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਅੱਜ ਇਥੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮੀ ਕਰੀਬ ਸਾਢੇ 4 ਵਜੇ ਸਥਾਨਕ ਭਗਵਾਨਪੁਰਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ, ਕਿ ਤੇਜ ਰਫ਼ਤਾਰ ਲਾਲਾ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਹ ਥਾਰ ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ, ਜਿਸ ਚੱਲਦੇ ਉਨ੍ਹਾਂ ਦੀ ਮੌਤ ਹੋ ਗਈ। ਤਰਲੋਚਨ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦੇ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ।
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬੜੀ ਮੁਸ਼ਕਲ ਗੱਡੀ ਦੇ ਹੇਠਾ ਤੋਂ ਬਾਹਰ ਕੱਢਿਆ ਗਿਆ। ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਗੱਡੀ ਦੇ ਚਾਲਕ ਬਾਰੇ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ, ਦੋਸ਼ੀ ਚਾਹੇ ਕੋਈ ਵੀ ਹੋਏ ਸਖ਼ਤ ਕਾਰਵਾਈ ਹੋਵੇਗੀ। ਜਿਕਰਯੋਗ ਹੈ ਕਿ ਮਾਸਟਰ ਤਰਲੋਚਨ ਸਿੰਘ ਪੰਜਾਬੀ ਫਿਲਮ ‘ ਹਸ਼ਰ ਤੇ ਏਕਮ’ ਸਮੇਤ ਜਲੰਧਰ ਦੂਰਦਰਸਨ ‘ਤੇ ਪ੍ਰਸਾਰਿਤ ਹੋਏ ਟੈਲੀਵਿਜ਼ਨ ਸੀਰੀਅਲ ‘ਮੰਗੋ ‘ ਅਤੇ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਦਿੱਲੀ ‘ਤੇ ਪ੍ਰਸਾਰਿਤ ਟੈਲੀਵਿਜ਼ਨ ਸੀਰੀਅਲ ‘ਇੱਕ ਉਡਾਰੀ ਐਸੀ ਮਾਰੀ’ ਦੇ ਲੇਖਕ ਸਨ ।
ਇਸਦੇ ਨਾਲ ਹੀ ਮਾਸਟਰ ਤਰਲੋਚਨ ਸਿੰਘ ਨੇ ਬੱਬੂ ਮਾਨ ਦੀ ਫਿਲਮ ‘ਬਾਜ਼’ ਵਿਚ ਇੰਸਪੈਕਟਰ ਦਾ ਰੋਲ ਵੀ ਨਿਭਾਇਆ ਸੀ । ਲੇਖਕ ਮੰਚ ਦੇ ਪ੍ਰਧਾਨ ਦਲਜੀਤ ਸ਼ਾਹੀ ,ਉੱਘੇ ਰੰਗ ਕਰਮੀ ਰਾਜਵਿੰਦਰ ਸਮਰਾਲਾ ਅਤੇ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਹੈ ਕਿ 20 ਤੋਂ ਵੱਧ ਨਾਟਕਾਂ ਦੇ ਲੇਖਕ ਅਤੇ ਅਣਗਿਣਤ ਨਾਟਕਾਂ ਦਾ ਮੰਚਨ ਕਰਨ ਵਾਲੇ ਤਰਲੋਚਨ ਸਿੰਘ ਦੀ ਬੇਵਖਤੀ ਮੌਤ ਨਾਲ ਲੇਖਕ ਅਤੇ ਕਲਾਂ ਜਗਤ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ ।