Robbers

ਨਕਾਬਪੋਸ਼ ਲੁਟੇਰਿਆਂ ਨੇ ਚਾਕੂ ਦੀ ਨੋਕ ‘ਤੇ ਔਰਤ ਨੂੰ ਬਣਾਇਆ ਬੰਧਕ, 80 ਹਜ਼ਾਰ ਰੁਪਏ ਲੁੱਟ ਕੇ ਹੋਏ ਫ਼ਰਾਰ

ਸੁਨਾਮ, 26 ਅਪ੍ਰੈਲ 2023: ਇੱਕ ਸੰਘਣੀ ਆਬਾਦੀ ਵਾਲੇ ਸੁਨਾਮ ਸ਼ਹਿਰ ਵਿੱਚ ਨਕਾਬਪੋਸ਼ ਲੁਟੇਰਿਆਂ (Robbers) ਨੇ ਘਰ ਵਿੱਚ ਦਾਖਲ ਹੋ ਕੇ ਚਾਕੂ ਦੀ ਨੋਕ ‘ਤੇ 80,000 ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ। ਘਟਨਾ ਦੌਰਾਨ ਔਰਤ ਦੇ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਲਕਸ਼ਮੀ ਦੇਵੀ (45) ਨੇ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਕਰੀਬ 8.30 ਵਜੇ ਰਸੋਈ ਵਿੱਚ ਕੰਮ ਕਰ ਰਹੀ ਸੀ। ਉਸ ਦਾ ਪਤੀ ਵਿਨੋਦ ਕੁਮਾਰ ਅਤੇ ਪੁੱਤਰ ਫੈਕਟਰੀ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਘਰ ਦਾ ਮੇਨ ਗੇਟ ਖੋਲ੍ਹਣ ਦੀ ਆਵਾਜ਼ ਆਈ, ਜਿਵੇਂ ਹੀ ਉਹ ਰਸੋਈ ‘ਚੋਂ ਬਾਹਰ ਨਿਕਲ ਕੇ ਗੇਟ ਵੱਲ ਜਾਣ ਲੱਗੀ ਤਾਂ ਦੋ ਨਕਾਬਪੋਸ਼ ਵਿਅਕਤੀ ਘਰ ‘ਚ ਦਾਖਲ ਹੋਏ ਅਤੇ ਉਸ ਨੂੰ ਫੜ ਕੇ ਉਸ ਦਾ ਮੂੰਹ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਫਿਰ ਹੱਥਾਂ ‘ਚ ਰੱਸੀਆਂ ਪਾ ਕੇ ਕੁਰਸੀ ਨਾਲ ਬੰਨ੍ਹ ਦਿੱਤਾ।

ਜਦੋ ਪੀੜਤਾ ਨੇ ਰੌਲਾ ਪਾਉਣ ਦੀ ਕੋਸ਼ਿਸ ਕੀਤੀ ਤਾਂ ਲੁਟੇਰਿਆਂ (Robbers) ਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਰੀਬ ਅੱਠ-ਦਸ ਮਿੰਟ ਤੱਕ ਘਰ ਦੀ ਤਲਾਸ਼ੀ ਲਈ ਅਤੇ ਅਲਮਾਰੀ ਵਿੱਚ ਰੱਖੇ 80 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਲਕਸ਼ਮੀ ਦੇਵੀ ਨੇ ਦੱਸਿਆ ਕਿ ਉਸ ਦੇ ਹੱਥ ਵਿੱਚ ਪਈਆਂ ਚਾਂਦੀ ਦੀਆਂ ਚੂੜੀਆਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਲੁਟੇਰੇ ਕਾਮਯਾਬ ਨਹੀਂ ਹੋ ਸਕੇ। ਹਾਲਾਂਕਿ ਉਸ ਦੇ ਹੱਥ ‘ਤੇ ਸੱਟ ਲੱਗੀ ਹੈ। ਲੁਟੇਰਿਆਂ ਦੇ ਜਾਣ ਤੋਂ ਬਾਅਦ ਪੀੜਤਾ ਨੇ ਕਿਸੇ ਤਰ੍ਹਾਂ ਰੱਸੀ ਖੋਲ੍ਹੀ ਅਤੇ ਆਪਣੇ ਪਤੀ ਨੂੰ ਬੁਲਾਇਆ।

ਉਸ ਦੇ ਪਤੀ ਵਿਨੋਦ ਕੁਮਾਰ ਨੇ ਘਰ ਪਹੁੰਚ ਕੇ ਜ਼ਖ਼ਮੀ ਪਤਨੀ ਦਾ ਹਾਲ-ਚਾਲ ਪੁੱਛਿਆ। ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਐਸਐਚਓ ਅਜੇ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਬੰਧਤ ਖੇਤਰ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰੇ ਫੜੇ ਲਏ ਜਾਣਗੇ।

Scroll to Top