ਛੋਟੇ ਸਾਹਿਬਜ਼ਾਦਿਆਂ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਸਧਾਰਨ ਸੂਰਮਗਤੀ ਤੇ ਦਲੇਰੀ ਦਾ ਪ੍ਰਤੀਕ: ਅਨਮੋਲ ਗਗਨ ਮਾਨ

ਖਰੜ/ਐੱਸ ਏ ਐੱਸ ਨਗਰ, 21 ਅਗਸਤ, 2023: ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਅਧਾਰਿਤ ਨਾਟਕ ‘ਠੰਡੇ ਬੁਰਜ ਦੀ ਦਾਸਤਾਨ’ ਦੇ ਰਤਵਾੜਾ ਸਾਹਿਬ ਵਿਖੇ ਕਰਵਾਏ ਗਏ ਮੰਚਣ ਤੋਂ ਭਾਵੁਕ ਹੋਏ ਪੰਜਾਬ ਦੇ ਸੈਰ-ਸਪਾਟਾ, ਸਭਿਆਚਾਰਕ ਮਾਮਲਿਆਂ, ਅਜਾਇਬਘਰ ਤੇ ਪੁਰਾਤਤਵ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਨੀਹਾਂ ‘ਚ ਚਿਣਵਾਏ ਜਾਣ ਦੀ ਘਟਨਾ ਅਸਧਾਰਨ ਸੂਰਮਗਤੀ ਅਤੇ ਦਲੇਰੀ ਦੀ ਪ੍ਰਤੀਕ ਹੈ ਜੋ ਹਮੇਸ਼ਾਂ ਸਾਡੇ ਲਈ ਲਾਮਿਸਾਲ ਬਹਾਦਰੀ ਦੀ ਗਾਥਾ ਬਣੀ ਰਹੇਗੀ।

ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਤੋਂ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਸਿੱਖਣ ਦੀ ਲੋੜ ਹੈ। ਅੱਜ ਅਸੀਂ ਕੇਵਲ ਆਪਣੇ ਹਿੱਤ ਨਾ ਵੇਖ ਕੇ ਹਰ ਦੀਨ ਦੁਖੀ ਦੀ ਬਾਂਹ ਫ਼ੜੀਏ ਤਾਂ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਹਾਨ ਵਿਰਸੇ ਨੂੰ ਅੱਗੇ ਤੋਰ ਸਕੀਏ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਆਪਣੇ ਬਚਿਆਂ ਦੀ ਛੋਟੀ ਮੋਟੀ ਤਕਲੀਫ਼ ਤੋਂ ਚਿੰਤਤ ਹੋ ਜਾਂਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਗਾਥਾਵਾਂ ਸਾਨੂੰ ਯਾਦ ਕਰਵਾਉਂਦੀਆਂ ਹਨ ਕਿ ਅਸੀਂ। ਕਿਸ ਮਹਾਨ ਵਿਰਾਸਤ ਦੇ ਵਾਰਿਸ ਹਾਂ।

ਅਨਮੋਲ ਗਗਨ ਮਾਨ ਨੇ ਆਖਿਆ ਕਿ ਗੁਰੂ ਸਹਿਬਾਨ ਦੇ ਫ਼ਲਸਫ਼ੇ ਨੂੰ ਅੱਜ ਦੇ ਸਮੇਂ ਚ ਸਮਝਣ ਦੀ ਲੋੜ ਹੈ, ਕਿਉਂ ਜੋ ਅਸੀਂ ਸਮਾਜ ਦੀ ਥਾਂ ਆਪਣੇ ਤੱਕ ਹੀ ਸੀਮਤ ਹੋ ਰਹੇ ਹਾਂ। ਸਾਨੂੰ ਆਪਣੇ ਸਵਾਰਥ, ਦੁੱਖ ਅਤੇ ਚਿੰਤਾ ਤੋਂ ਅੱਗੇ ਸਮਾਜ ਅਤੇ ਲੋੜਵੰਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਮਦਦ ਵਾਲੇ ਰਾਹ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਆਪਣੇ ਈਮਾਨ ਅਤੇ ਧਰਮ ਤੇ ਅਖੀਰ ਤੱਕ ਕਾਇਮ ਰਹੇ ਅਤੇ ਉਨ੍ਹਾਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਆਪਣਾ ਆਪ ਦਾਅ ਤੇ ਲਾ ਕੇ ਦੁੱਧ ਪਿਲਾਉਣ ਵਾਲੇ ਮੋਤੀ ਰਾਮ ਮਹਿਰਾ ਜੀ ਕੋਹਲੂ ਚ ਪੀੜੇ ਜਾਣ ਦੀ ਪੀੜ ਨੂੰ ਵੀ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਸਹਿੰਦੇ ਰਹੇ ਤਾਂ ਇਸ ਤੋਂ ਵੱਡੀ ਤਿਆਗ, ਦਲੇਰੀ ਅਤੇ ਸਿਰੜ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਇਸ ਲਈ ਸਾਨੂੰ ਪਦਾਰਥਵਾਦੀ ਸੋਚ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਵੱਲ ਚੱਲਣ ਦੀ ਲੋੜ ਹੈ।

ਉਨ੍ਹਾਂ ਨੇ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਅਤੇ ਉਨ੍ਹਾਂ ਨੂੰ ਇਸ ਵੀਰ ਗਾਥਾ ਦੇ ਪਲਾਂ ਦਾ ਅਹਿਸਾਸ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਸੇਵਾ ਤੇ ਧਰਮ ਸੇਵਾ ਲਈ ਟਰੱਸਟ ਬਣਾ ਕੇ ਕੀਤੀ ਜਾ ਰਹੀ ਸੇਵਾ ਸ਼ਲਾਘਾਯੋਗ ਹੈ।

Scroll to Top