ਚੰਡੀਗੜ੍ਹ, 21 ਅਗਸਤ, 2023: ਜੰਮੂ-ਕਸ਼ਮੀਰ ਦੇ ਲੇਹ ਰੋਡ ‘ਤੇ ਫੌਜ ਦੇ ਵਾਹਨ ਹਾਦਸੇ ‘ਚ ਸ਼ਹੀਦ ਹੋਏ ਫਤਹਿਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾ ਦੇ ਪਿੰਡ ਕਮਾਲੀ ਦੇ ਜਵਾਨ ਤਰਨਦੀਪ ਸਿੰਘ (23) ਦੀ ਮ੍ਰਿਤਕ ਦੇਹ ਪੰਜ ਤੱਤਾਂ ‘ਚ ਵਿਲੀਨ ਹੋ ਗਈ। ਸੋਮਵਾਰ ਦੁਪਹਿਰ ਕਰੀਬ 12 ਵਜੇ ਫੌਜੀ ਅਧਿਕਾਰੀ ਵੱਲੋਂ ਤਰਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਤਿਰੰਗੇ ‘ਚ ਲਪੇਟ ਕੇ ਘਰ ਲਿਆਂਦਾ ਗਿਆ । ਜਿਸ ਤੋਂ ਬਾਅਦ ਅੰਤਿਮ ਯਾਤਰਾ ਸ਼ਮਸ਼ਾਨਘਾਟ ਲਈ ਕੱਢੀ ਗਈ।
ਇਸ ਦੌਰਾਨ ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੇ ਅੰਤਿਮ ਯਾਤਰਾ ਵਿੱਚ ਸ਼ਹੀਦ ਨੂੰ ਸਰਧਾਂਜਲੀ ਦਿੱਤੀ | ਜਿਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਵਿੱਚ ਅੰਤਿਮ ਵਿਦਾਇਗੀ ਦਿੱਤੀ। ਉਥੇ ਪਿਤਾ ਕੇਵਲ ਸਿੰਘ ਨੇ ਸ਼ਹੀਦ ਤਰਨਦੀਪ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤਾ। ਇਸ ਦੌਰਾਨ ਸ਼ਹੀਦ ਤਰਨਦੀਪ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ। ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਹੀਦ ਦੀ ਯਾਦ ਵਿੱਚ ਹਸਪਤਾਲ ਬਣਾਉਣ ਦੀ ਮੰਗ ਕੀਤੀ।
ਡੀਸੀ ਪ੍ਰਨੀਤ ਕੌਰ ਸ਼ੇਰਗਿੱਲ, ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ, ਵਿਧਾਇਕ ਰੁਪਿੰਦਰ ਸਿੰਘ ਹੈਪੀ ਤੋਂ ਇਲਾਵਾ ਫੌਜੀ ਅਧਿਕਾਰੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਫੌਜ ਦੇ ਅਧਿਕਾਰੀ ਅਨੂਪ ਸਿੰਘਲ ਨੇ ਦੱਸਿਆ ਕਿ ਤਰਨਦੀਪ ਇਕ ਆਪਰੇਸ਼ਨ ਦੌਰਾਨ ਹੋਏ ਹਾਦਸੇ ‘ਚ ਸ਼ਹੀਦ ਹੋ ਗਿਆ ਸੀ। ਉਨ੍ਹਾਂ ਦੀ ਸ਼ਹਾਦਤ ਦਾ ਪੂਰਾ ਦੇਸ਼ ਸਤਿਕਾਰ ਕਰਦਾ ਹੈ।