ਫ਼ਤਹਿਗੜ ਸਾਹਿਬ, 24 ਅਪ੍ਰੈਲ 2023: ਜ਼ਿਲ੍ਹਾ ਫ਼ਤਹਿਗੜ ਸਾਹਿਬ ਦੇ ਅਧੀਨ ਪੈਂਦੇ ਪਿੰਡ ਭਮਾਰਸੀ ਬੁਲੰਦ ਵਿਖੇ ਇਕ ਵਿਆਹੁਤਾ ਲੜਕੀ ਵਲੋਂ ਖ਼ੁਦਕੁਸ਼ੀ (Suicide) ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸਦੇ ਨਾਲ ਹੀ ਲੜਕੀ ਦੇ ਪਤੀ-ਸੱਸ ਤੇ ਸਹੁਰੇ ਖ਼ਿਲਾਫ਼ ਥਾਣਾ ਸਰਹਿੰਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਕਤ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਪ੍ਰੀਤਮ ਸਿੰਘ ਦੇ ਬਿਆਨਾਂ ‘ਤੇ ਮਿਤਕਾ ਸੁਮਨਜੀਤ ਕੌਰ ਦੇ ਪਤੀ ਜਗਵੀਰ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰੇ ਕਰਮਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306, 34 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰੀਤਮ ਸਿੰਘ ਨੇ ਦੋਸ਼ ਲਗਾਇਆ ਕਿ ਲੜਕੀ ਦਾ ਪਤੀ ਜਗਵੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਤੇ ਵਿਆਹ ਤੋਂ ਬਾਅਦ ਉਹ, ਸੱਸ ਚਰਨਜੀਤ ਕੌਰ ਅਤੇ ਸਹੁਰਾ ਕਰਮਿੰਦਰ ਸਿੰਘ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਕਥਿਤ ਕੁੱਟਮਾਰ ਕਰਦੇ ਸਨ।
ਇਸ ਲਈ ਕਈ ਵਾਰ ਉਹ ਪਿੰਡ ਦੇ ਮੁਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਲੜਕੀ ਦੇ ਸਹੁਰੇ ਘਰ ਜਾਂਦੇ ਤੇ ਪਰਿਵਾਰ ਨੂੰ ਸਮਝਾ ਕੇ ਵਾਪਸ ਆ ਜਾਂਦੇ। ਬੀਤੇ ਦਿਨ ਲਗਪਗ 9:30 ਵਜੇ ਸਵੇਰੇ ਸੁਮਨਜੀਤ ਕੌਰ ਨੇ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਤੀ-ਸੱਸ ਤੇ ਸਹੁਰੇ ਤੋਂ ਬਹੁਤ ਪ੍ਰੇਸ਼ਾਨ ‘ਤੇ ਦੁਖੀ ਹੈ, ਇਸ ਲਈ ਉਸ ਨੂੰ ਆ ਕੇ ਲੈ ਜਾਵੋ, ਨਹੀਂ ਤਾਂ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣੀ ਹੈ। ਉਸ ਤੋਂ ਕੁਝ ਦੇਰ ਬਾਅਦ 1 ਜਵਾਈ ਜਗਵੀਰ ਸਿੰਘ ਦਾ ਫ਼ੋਨ ਆਇਆ ਕਿ ਸਾਡੇ ਘਰ ਨਾ ਆਉਣਾ, ਮੈਂ ਆਪ ਹੀ ਸਭ ਦੇਖ ਲਵਾਂਗਾ | ਲਗਪਗ 1:30 ਵਜੇ ਪ੍ਰੀਤਮ ਸਿੰਘ, ਜਗਦੀਪ ਸਿੰਘ ਸਾਬਕਾ ਸਰਪੰਚ ਪਿੰਡ ਜੱਸੜਾ ਦਰਸ਼ਨ ਸਿੰਘ ਬੱਬੀ ਵਾਸੀ ਪਿੰਡ ਸੈਂਟੀ ਸਮੇਤ ਸੁਮਨਜੀਤ ਕੌਰ ਦੇ ਸਹੁਰੇ ਘਰ ਪਹੁੰਚੇ ਤਾਂ ਲੜਕੀ ਬੈਡ ‘ਤੇ ਪਈ ਸੀ, ਜਿਸ ਦੇ ਗਲ ਵਿਚ ਚੁੰਨੀ ਲਿਪਟੀ ਹੋਈ ਸੀ, ਜਿਸ ਤੋਂ ਲੱਗਦਾ ਸੀ ਕਿ ਸੁਮਨਜੀਤ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਪੁਲਿਸ ਵੱਲੋਂ ਸੁਮਨਜੀਤ ਕੌਰ ਦਾ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪੋਸਟਮਾਰਟਮ ਕੀਤਾ ਗਿਆ ਹੈ।