ਚੰਡੀਗੜ੍ਹ, 3 ਫਰਵਰੀ 2023: ਮਾਰਕਫੈੱਡ (Markfed) ਵੱਲੋਂ ਪੰਜਾਬ ਦੀਆਂ ਆਂਗਣਵਾੜੀਆਂ ਨੂੰ ਸੁੱਕੇ ਰਾਸ਼ਨ ਦੀ ਸਪਲਾਈ ਕਰਨ ਸਬੰਧੀ ਸਕੀਮ ਦੀਆਂ ਸੰਭਾਵਨਾਵਾਂ ਉਲੀਕਣ ਅਤੇ ਆਂਗਣਵਾੜੀਆਂ ਦੇ ਕੰਮਕਾਜ ਨਾਲ ਸਬੰਧਤ ਹੋਰ ਅਹਿਮ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਡੀ.ਪੀ. ਰੈਡੀ, ਆਈਏਐਸ(ਸੇਵਾਮੁਕਤ) ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਮਿਸ਼ਨ ਦੇ ਮੈਂਬਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਨੇ ਲਾਭਪਾਤਰੀਆਂ ਨੂੰ ਪੂਰਕ ਪੋਸ਼ਣ ਪ੍ਰੋਗਰਾਮ ਦੇ ਤਹਿਤ ਮਾਰਕਫੈੱਡ (Markfed) ਅਤੇ ਸਮਾਜਿਕ ਸੁਰੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿਚਕਾਰ ਪਹਿਲਾਂ ਤੋਂ ਪਕਾਏ/ਪ੍ਰੀ-ਮਿਕਸ/ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਸਪਲਾਈ ਲਈ ਹੋਏ ਐਮਓਯੂ (ਸਮਝੌਤਿਆਂ) ਬਾਰੇ ਜਾਣਕਾਰੀ ਦਿੱਤੀ।
ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਆਂਗਣਵਾੜੀਆਂ ਨੂੰ ਸਮੁੱਚੀ ਸਮੱਗਰੀ ਦੀ ਸਪਲਾਈ ਲਈ ਮਾਰਕਫੈੱਡ ਇੱਕ ਸਿੰਗਲ ਨੋਡਲ ਏਜੰਸੀ ਹੋਵੇਗੀ। ਮੀਟਿੰਗ ਵਿੱਚ ਮਾਰਕਫੈੱਡ ਦੇ ਅਧਿਕਾਰੀਆਂ ਵੱਲੋਂ ਮਾਰਕਫੈੱਡ ਵੱਲੋਂ ਸਪਲਾਈ ਕੀਤੀ ਜਾਣ ਵਾਲੀ ਸਮੱਗਰੀ ਦੇ ਨਮੂਨੇ ਵੀ ਦਿਖਾਏ ਗਏ।
ਮੀਟਿੰਗ ਦੌਰਾਨ ਰਸੋਈਆਂ ਵਿੱਚ ਸਫਾਈ ਬਣਾਈ ਰੱਖਣ, ਆਂਗਣਵਾੜੀਆਂ ਦੀਆਂ ਗਤੀਵਿਧੀਆਂ ਨੂੰ ਮਿਡ ਡੇ ਮੀਲ ਸਕੀਮ ਨਾਲ ਜੋੜਨ, ਸਿਹਤ ਜਾਂਚ ਆਦਿ ਨਾਲ ਸਬੰਧਤ ਹੋਰ ਮਹੱਤਵਪੂਰਨ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਨੋਟਿਸ ਬੋਰਡਾਂ ਅਤੇ ਸ਼ਿਕਾਇਤ ਬਕਸਿਆਂ ਅਤੇ ਫੂਡ ਕਮਿਸ਼ਨ ਦੇ ਹੈਲਪਲਾਈਨ ਨੰਬਰ ਅਤੇ ਵਿਭਾਗ ਦੀ ਵੈੱਬਸਾਈਟ ‘ਤੇ ਕਮਿਸ਼ਨ ਦੀ ਲਘੂ ਫਿਲਮ ਪ੍ਰਸਾਰਿਤ ਕਰਨ ਸਬੰਧੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਨਾਂ ਸਾਰੇ ਮੁੱਦਿਆਂ ਨੂੰ ਘੋਖਿਆ ਜਾਵੇਗਾ ਅਤੇ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।