ਚੰਡੀਗੜ੍ਹ, 07 ਮਾਰਚ 2024: ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ਵਿੱਚ ਪੰਜਾਬ-ਹਰਿਆਣਾ ਬਾਰਡਰ ’ਤੇ 21 ਫਰਵਰੀ 2024 ਨੂੰ ਕਿਸਾਨ ਅੰਦਲੋਨ ਦੌਰਾਨ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ (Shubhakaran Singh) ਦੀ ਮੌਤ ਹੋ ਗਈ ਸੀ | ਹੁਣ ਸ਼ੁੱਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਕਈ ਵੱਡੇ ਖ਼ੁਲਾਸੇ ਹੋਏ ਹਨ |
ਮਿਲੀ ਜਾਣਕਾਰੀ ਮੁਤਾਬਕ ਰਿਪੋਰਟ ‘ਚ ਇਹ ਸਪੱਸ਼ਟ ਹੋ ਗਿਆ ਹੈ ਕਿ ਸ਼ੁੱਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲੀ ਨਹੀਂ ਸੀ ਕਿਉਂਕਿ ਉਸ ਦੇ ਸਿਰ ‘ਚ ਕਈ ਛੱਰ੍ਹੇ ਮਿਲੇ ਸਨ ਜਦਕਿ ਰਬੜ ਦੀਆਂ ਗੋਲੀਆਂ ‘ਚ ਇਹ ਨਹੀਂ ਹੁੰਦੇ । ਸੂਤਰਾਂ ਮੁਤਾਬਕ ਸ਼ੁੱਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ‘ਗੰਨ ਇੰਜਰੀ’ ਦੱਸੀ ਗਈ ਹੈ।
ਸ਼ੁੱਭਕਰਨ (Shubhakaran Singh) ਦੇ ਸਿਰ ‘ਚੋਂ ਧਾਤ ਦੇ ਕਈ ਛੱਰ੍ਹੇ ਮਿਲੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਰਜਿੰਦਰਾ ਹਸਪਤਾਲ ਵੱਲੋਂ ਛੱਰ੍ਹੇ ਸਮੇਤ ਪੋਸਟ ਮਾਰਟਮ ਰਿਪੋਰਟ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਹੁਣ ਇਹ ਪੁਲਿਸ ਦਾ ਅਧਿਕਾਰ ਹੈ ਕਿ ਉਹ ਸਥਿਤੀ ਸਪੱਸ਼ਟ ਕਰੇ ਕਿ ਇਹ ਛੱਰ੍ਹੇ ਕਿਸ ਹਥਿਆਰ ਨਾਲ ਸਬੰਧਤ ਹਨ। ਅਜਿਹੀ ਸਮੱਗਰੀ ਨੂੰ ਫਿਲੌਰ ਅਕੈਡਮੀ ਜਾਂ ਮੁੰਬਈ ਸਥਿਤ ਲੈਬ ਨੂੰ ਟੈਸਟਿੰਗ ਲਈ ਭੇਜਿਆ ਜਾਂਦਾ ਹੈ। ਇਨ੍ਹਾਂ ਛੱਰ੍ਹਿਆਂ ਬਾਰੇ ਪਤਾ ਲਗਾਉਣ ਤੋਂ ਬਾਅਦ ਹੀ ਅਧਿਕਾਰਤ ਤੌਰ ‘ਤੇ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਛੱਰ੍ਹੇ ਕਿਸ ਬੰਦੂਕ ਦੇ ਹਨ।