ਚੰਡੀਗੜ੍ਹ, 05 ਸਤੰਬਰ 2023: ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Committee) ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ ਹੋਈ | ਉਸ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸਿੱਖ ਇਤਿਹਾਸਕਾਰ ਸਵਰਨ ਸਿੰਘ ਚੂਸਲੇਵੜ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸਿੱਖ ਇਤਿਹਾਸਕਾਰ ਸਵਰਨ ਸਿੰਘ ਚੂਸਲੇਵੜ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ |
ਇਸ ਮੌਕੇ ਸ਼੍ਰੋਮਣੀ ਕਮੇਟੀ (Shiromani Committee) ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੇ ਯੂਬਾ ਸਿਟੀ ਵਿਖੇ ਸਿੱਖ ਮਿਸ਼ਨ ਸਥਾਪਿਤ ਕਰਨ ਅਤੇ ਕੈਲੀਫੋਰਨੀਆ ਵਿਚ ਪਾਵਨ ਸਰੂਪਾਂ ਦੇ ਪ੍ਰਕਾਸ਼ਨ ਲਈ ਪ੍ਰੈਸ ਲਗਾਉਣ ਦਾ ਵੀ ਐਲਾਨ ਕੀਤਾ ਹੈ । ਉਨ੍ਹਾਂ ਨੇ ਹਰਿਆਣਾ ਕਮੇਟੀ ਦੀਆਂ ਚੋਣਾਂ ਲਈ ਭਰੇ ਜਾ ਰਹੇ ਪਰਫੋਰਮੇ ਹਿੰਦੀ ਦੀ ਥਾਂ ਪੰਜਾਬੀ ਵਿਚ ਛਾਪਣ ਦੀ ਮੰਗ ਕੀਤੀ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ਚਾਰ ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਦਾ ਵੀ ਐਲਾਨ ਕੀਤਾ ਹੈ ।