July 2, 2024 3:30 am
Krishna Nagar

ਸ਼ਿਮਲਾ ਦੇ ਕ੍ਰਿਸ਼ਨਾ ਨਗਰ ਜ਼ਮੀਨ ਖਿਸਕਣ ਕਾਰਨ ਕਈ ਮਕਾਨ ਦਬੇ, ਕਈ ਜਣੇ ਲਾਪਤਾ

ਚੰਡੀਗੜ੍ਹ, 15 ਅਗਸਤ 2023: ਇਸ ਦੌਰਾਨ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸ਼ਿਮਲਾ ਦੇ ਕ੍ਰਿਸ਼ਨਾ ਨਗਰ (Krishna Nagar) ਅਤੇ ਵਿਸ਼ਨੂੰ ਮੰਦਿਰ ਇਲਾਕੇ ‘ਚ ਜ਼ਮੀਨ ਖਿਸਕ ਕਾਰਨ ਵੱਡਾ ਹਾਦਸਾ ਵਾਪਰਿਆ ਹੈ । ਕਰੀਬ ਪੰਜ ਤੋਂ ਛੇ ਮਕਾਨਾਂ ਦੇ ਢਹਿ ਜਾਣ ਦੀ ਸੂਚਨਾ ਹੈ। ਜ਼ਮੀਨ ਖਿਸਕਣ ਨਾਲ ਨਗਰ ਨਿਗਮ ਦਾ ਇਕਲੌਤਾ ਬੁੱਚੜਖਾਨਾ ਵੀ ਢਹਿ ਢੇਰੀ ਹੋ ਗਿਆ ਹੈ।

ਕੌਂਸਲਰ ਬਿੱਟੂ ਕੁਮਾਰ ਅਨੁਸਾਰ ਦੋ ਵਿਅਕਤੀ ਮਲਬੇ ਹੇਠ ਦਬੇ ਹੋਏ ਹਨ। ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਪਹਿਲਾਂ ਹੀ ਤਰੇੜਾਂ ਪੈ ਗਈਆਂ ਸਨ। ਅਜਿਹੇ ‘ਚ ਲੋਕ ਆਪਣਾ ਸਮਾਨ ਵੀ ਛੱਡ ਕੇ ਜਾ ਰਹੇ ਸਨ।

ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 72 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਵੱਖ-ਵੱਖ ਥਾਵਾਂ ‘ਤੇ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 58 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮਲਬੇ ਹੇਠ ਦਬੇ ਜਾਣ ਅਤੇ ਵਹਿਣ ਕਾਰਨ ਕਰੀਬ 26 ਜਣੇ ਲਾਪਤਾ ਹਨ। ਮੰਡੀ ਜ਼ਿਲ੍ਹੇ ਵਿੱਚ 23, ਰਾਜਧਾਨੀ ਸ਼ਿਮਲਾ ਵਿੱਚ 16, ਸੋਲਨ ਵਿੱਚ 11, ਕਾਂਗੜਾ-ਹਮੀਰਪੁਰ ਵਿੱਚ 3-3, ਚੰਬਾ, ਕੁੱਲੂ ਅਤੇ ਸਿਰਮੌਰ ਵਿੱਚ 1-1 ਮੌਤਾਂ ਹੋਈਆਂ ਹਨ।

ਸੂਬੇ ਵਿੱਚ ਚਾਰ ਰਾਸ਼ਟਰੀ ਰਾਜਮਾਰਗ ਅਤੇ 857 ਸੜਕਾਂ ਬੰਦ ਹਨ। ਇਸ ਤੋਂ ਇਲਾਵਾ 4285 ਬਿਜਲੀ ਟਰਾਂਸਫਾਰਮਰ ਅਤੇ 889 ਜਲ ਸਪਲਾਈ ਸਕੀਮਾਂ ਵੀ ਬੰਦ ਪਈਆਂ ਹਨ। ਮੰਡੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 323 ਅਤੇ ਸ਼ਿਮਲਾ ਵਿੱਚ 234 ਸੜਕਾਂ ਜਾਮ ਹਨ। ਮੰਡੀ ਜ਼ਿਲ੍ਹੇ ਵਿੱਚ 2610 ਅਤੇ ਸ਼ਿਮਲਾ ਵਿੱਚ 808 ਬਿਜਲੀ ਟਰਾਂਸਫਾਰਮਰ ਠੱਪ ਪਏ ਹਨ।