ਚੰਡੀਗੜ੍ਹ, 5 ਅਪ੍ਰੈਲ 2024: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਸ਼ੁੱਕਰਵਾਰ ਨੂੰ ਇਸ ਸੀਟ ਤੋਂ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਅਤੇ ਕਾਂਗਰਸੀ ਆਗੂ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਨੇ ਐਕਸ ਅਕਾਉਂਟ ‘ਤੇ ਲਿਖਿਆ, “ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਕੌਂਸਲਰ ਅਤੇ ਉਨ੍ਹਾਂ ਦੀਆਂ ਜ਼ਿਲ੍ਹਾ ਇਕਾਈਆਂ ਦੇ ਅਹੁਦੇਦਾਰ ਆਪਣੇ ਕੇਡਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।” ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਤੇ ‘ਆਪ’ ਦੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ‘ਆਪ’ ਪਰਿਵਾਰ ਵਿੱਚ ਸਾਰੇ ਆਗੂਆਂ ਦਾ ਸਵਾਗਤ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਨਗਰ ਨਿਗਮ ਬਠਿੰਡਾ ਦੇ ਵਿਰੋਧੀ ਧਿਰ ਦੇ ਆਗੂ, ਬਠਿੰਡਾ ਦੇ ਯੂਥ ਪ੍ਰਧਾਨ ਅਤੇ ਮਾਨਸਾ ਦੇ ਅਬਜ਼ਰਵਰ ਐਮਸੀ ਹਰਪਾਲ ਸਿੰਘ ਢਿੱਲੋਂ ਸਾਥੀਆਂ ਸਮੇਤ ‘ਆਪ’ (Aam Aadmi Party) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਤੋਂ ਇਲਾਵਾ ਹਰਜਿੰਦਰ ਸਿੰਘ ਛਿੰਦਾ ਐਮ.ਸੀ.ਬਠਿੰਡਾ, ਰਜਿੰਦਰ ਸਿੰਘ ਸਿੱਧੂ ਐਮ.ਸੀ., ਰਣਦੀਪ ਸਿੰਘ ਰਾਣਾ ਐਮ.ਸੀ. ਅਤੇ ਸੀਨੀਅਰ ਯੂਥ ਪ੍ਰਧਾਨ (ਬਠਿੰਡਾ), ਪ੍ਰਗਟ ਸਿੰਘ ਐਮ.ਸੀ., ਵਿਸ਼ਾਲ ਲੰਬਰ ਸਰਕਲ ਪ੍ਰਧਾਨ, ਬਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ (ਬਠਿੰਡਾ), ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸਿੰਘ ਗਰੇਵਾਲ ਅਤੇ ਮਨਪ੍ਰੀਤ ਸਿੰਘ ਗੋਸਲ ਮੀਡੀਆ ਸਲਾਹਕਾਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਕਾਂਗਰਸੀ ਵਰਕਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਮਿੰਦਰ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਪੁੱਤਰ ਭੁਪਿੰਦਰ ਸਿੰਘ ਧਾਲੀਵਾਲ ਤੋਂ ਪ੍ਰੇਰਿਤ ਹੋ ਕੇ ਸਾਰੇ ਆਗੂਆਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਰੇ ਆਗੂਆਂ ਦਾ ‘ਆਪ’ ਵਿੱਚ ਸਵਾਗਤ ਹੈ, ਉਨ੍ਹਾਂ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਚੋਣਾਂ ਦੌਰਾਨ ਲੋਕਾਂ ਨੂੰ ਵਰਤਦੇ ਹਨ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਪਰ ‘ਆਪ’ ਵਿੱਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨਾਲ ਬਠਿੰਡਾ ਲੋਕ ਸਭਾ ਹਲਕੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਬਠਿੰਡਾ ਤੋਂ ਡੇਢ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦਰਜ ਕਰਨਗੇ।
ਗੁਰਮੀਤ ਸਿੰਘ ਖੁੱਡੀਆਂ ਨੇ ਅੱਗੇ ਕਿਹਾ ਕਿ ਉਹ ਇਸ ਲੋਕ ਸਭਾ ਚੋਣ ਵਿੱਚ ਕਿਸੇ ਵੀ ਵਿਰੋਧੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਸ਼ਾਨਦਾਰ ਕੰਮ ਕੀਤੇ ਹਨ ਅਤੇ ਬਠਿੰਡਾ ਦੇ ਲੋਕ ਉਨ੍ਹਾਂ ਦੀ ਰਾਜਨੀਤੀ ਦੇ ਆਧਾਰ ‘ਤੇ ‘ਆਪ’ ਨੂੰ ਵੋਟਾਂ ਪਾਉਣਗੇ।