ਚੰਡੀਗੜ੍ਹ, 29 ਜੁਲਾਈ 2024: ਮਨੂ ਭਾਕਰ (Manu Bhakar) ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਮਗਾ ਜਿੱਤ ਕੇ 12 ਸਾਲ ਦੇ ਮੈਡਲ ਦੇ ਸੋਕੇ ਨੂੰ ਖਤਮ ਕੀਤਾ ਹੈ | 2008 ‘ਚ ਓਲੰਪਿਕ ਵਿੱਚ ਭਾਰਤ ਨੂੰ ਆਪਣਾ ਪਹਿਲਾ ਵਿਅਕਤੀਗਤ ਸੋਨ ਤਮਗਾ ਦਿਵਾਉਣ ਵਾਲੇ ਮਹਾਨ ਅਥਲੀਟ ਅਭਿਨਵ ਬਿੰਦਰਾ ਨੇ ਬੀਤੇ ਦਿਨ ਪੈਰਿਸ ਓਲੰਪਿਕ ‘ਚ ਮਨੂ ਭਾਕਰ ਅਤੇ ਉਸਦੇ ਕੋਚ ਜਸਪਾਲ ਰਾਣਾ ਨਾਲ ਮੁਲਾਕਾਤ ਕੀਤੀ। ਬਿੰਦਰਾ ਨੇ ਮੁਕਾਬਲੇ ਤੋਂ ਬਾਅਦ ਓਲੰਪਿਕ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚਣ ਵਾਲੀ ਭਾਕਰ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੂ ਭਾਕਰ ਨੂੰ ਫੋਨ ਕਰਕੇ ਅਤੇ ਦੇਸ਼ ਦੀ ਰਾਸ਼ਟਰਪਤੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।
ਭਾਕਰ ਦੀ ਜਿੱਤ ਨਾਲ ਓਲੰਪਿਕ ‘ਚ ਨਿਸ਼ਾਨੇਬਾਜ਼ੀ ‘ਚ ਭਾਰਤ ਦੇ ਤਮਗੇ ਦਾ ਸੋਕਾ ਵੀ ਖਤਮ ਹੋ ਗਿਆ। 2012 ਲੰਡਨ ਓਲੰਪਿਕ ਤੋਂ ਬਾਅਦ ਭਾਰਤ ਨੇ ਨਿਸ਼ਾਨੇਬਾਜ਼ੀ ਦਾ ਕੋਈ ਤਮਗਾ ਨਹੀਂ ਜਿੱਤਿਆ ਸੀ । ਮਨੂ ਭਾਕਰ ਅਭਿਨਵ ਬਿੰਦਰਾ ਨੂੰ ਪਿੱਛੇ ਛੱਡ ਕੇ ਓਲੰਪਿਕ ਤਮਗਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ। ਅਭਿਨਵ ਬਿੰਦਰਾ ਨੇ 2008 ‘ਚ ਬੀਜਿੰਗ ਓਲੰਪਿਕ ‘ਚ 25 ਸਾਲ 10 ਮਹੀਨੇ ਅਤੇ 14 ਦਿਨ ਦੀ ਉਮਰ ‘ਚ ਸੋਨ ਤਮਗਾ ਜਿੱਤਿਆ ਸੀ।
ਮਨੂ ਭਾਕਰ (Manu Bhakar) ਨੇ 22 ਸਾਲ 5 ਮਹੀਨੇ ਅਤੇ 10 ਦਿਨ ਦੀ ਉਮਰ ‘ਚ ਓਲੰਪਿਕ ਤਮਗਾ ਜਿੱਤਿਆ ਹੈ। ਉਹ ਭਾਰਤ ਲਈ ਓਲੰਪਿਕ ਤਮਗਾ ਜਿੱਤਣ ਵਾਲੀ ਤੀਜੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਅਤੇ ਸਭ ਤੋਂ ਘੱਟ ਉਮਰ ਦੀ ਨਿਸ਼ਾਨੇਬਾਜ਼ ਬਣ ਗਈ ਹੈ।
ਮਨੂ ਭਾਕਰ ਦਾ ਪਿਛਲੀ ਓਲੰਪਿਕ ਤੋਂ ਪੈਰਿਸ ਤੱਕ ਦਾ ਸਫ਼ਰ ਵੀ ਆਸਾਨ ਨਹੀਂ ਸੀ। ਮਨੂ ਦੇ ਪਿਓ ਰਾਮਕਿਸ਼ਨ ਭਾਕਰ ਦੱਸਦੇ ਹਨ ਕਿ ਟੋਕੀਓ ਓਲੰਪਿਕ ਦੌਰਾਨ ਮਨੂ ਦੀ ਪਿਸਤੌਲ ਨੇ ਉਸ ਨੂੰ ਧੋਖਾ ਦਿੱਤਾ ਸੀ। ਦੂਜੀ ਲੜੀ ਦੇ ਵਿਚਕਾਰ ਇਲੈਕਟ੍ਰਾਨਿਕ ਟਰਿੱਗਰ ‘ਚ ਇੱਕ ਸਰਕਟ ਨੁਕਸ ਸੀ। ਇਹ ਇੱਕ ਕਾਫ਼ੀ ਮੁਸ਼ਕਿਲ ਸਮਾਂ ਸੀ ਕਿਉਂਕਿ ਉਨ੍ਹਾਂ ਨੂੰ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਅਤੇ ਮਨੂ ਲਗਭਗ 22 ਮਿੰਟਾਂ ਤੱਕ ਸ਼ੂਟ ਕਰਨ ‘ਚ ਅਸਮਰੱਥ ਰਹੀ।
ਇਸਤੋਂ ਬਾਅਦ ਟੋਕੀਓ ਓਲੰਪਿਕ ‘ਚ ਤਮਗਾ ਜਿੱਤਣ ਤੋਂ ਖੁੰਝ ਜਾਣ ਕਾਰਨ ਮਨੂ ਲੰਬੇ ਸਮੇਂ ਤੱਕ ਡਿਪਰੈਸ਼ਨ ‘ਚ ਗੁਜ਼ਰੀ । ਘਰ ‘ਚ ਵੀ ਸ਼ੂਟਿੰਗ ਛੱਡਣ ਦੀ ਗੱਲ ਚੱਲ ਰਹੀ ਸੀ, ਫਿਰ ਮਨੂ ਨੇ ਗੀਤਾ ਪੜ੍ਹਦੇ ਹੋਏ ਆਪਣੇ ਮਨ ਨੂੰ ਇਕਾਗਰ ਕੀਤਾ ਅਤੇ ਯੋਗਾ ਰਾਹੀਂ ਤਣਾਅ ਤੋਂ ਛੁਟਕਾਰਾ ਪਾਇਆ।
ਐਤਵਾਰ ਨੂੰ ਪੈਰਿਸ ‘ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਮਨੂ ਭਾਕਰ ਨੇ ਕਿਹਾ, ‘ਮੈਂ ਭਗਵਦ ਗੀਤਾ ਨੂੰ ਬਹੁਤ ਪੜ੍ਹਿਆ ਹੈ ਅਤੇ ਇਸ ਤੋਂ ਬਹੁਤ ਕੁਝ ਸਿੱਖਿਆ ਹੈ। ਮੈਂ ਹਰ ਰੋਜ਼ ਗੀਤਾ ਪੜ੍ਹਦੀ ਸੀ। ਫਾਈਨਲ ਮੈਚ ਦੌਰਾਨ ਜਦੋਂ ਮੈਂ ਨਿਸ਼ਾਨਾ ਬਣਾ ਰਿਹਾ ਸੀ ਤਾਂ ਮੇਰੇ ਦਿਮਾਗ ‘ਚ ਕੇਵਲ ਗੀਤਾ ਦਾ ਸਲੋਕ ਚੱਲ ਰਿਹਾ ਸੀ | ਹਰਿਆਣਾ ਦੇ ਝੱਜਰ ਦੇ ਗੋਰੀਆ ਪਿੰਡ ਦੀ ਰਹਿਣ ਵਾਲੀ ਮਨੂ ਦੇ ਪਰਿਵਾਰਕ ਮੈਂਬਰਾਂ ਲਈ ਖੁਸ਼ੀ ਦਾ ਟਿਕਾਣਾ ਨਹੀਂ ਹੈ |