‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ ਜਿੱਤੋ ਨਕਦ ਇਨਾਮ
ਟੈਕਸ ਚੋਰੀ ਰੋਕਣ ਲਈ ਪੰਜਾਬ ਸਰਕਾਰ ਦੀ ਵਿਲੱਖਣ ਪਹਿਲਕਦਮੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ‘ਬਿੱਲ ਲਿਆਓ ਇਨਾਮ ਪਾਓ’ ਸਕੀਮ (Bill Liao Inaam Pao scheme) ਕਰ ਪਾਲਣਾ ਨੂੰ ਉਤਸ਼ਾਹਿਤ ਕਰਨ ‘ਚ ਮੀਲ ਪੱਥਰ ਸਾਬਤ ਹੋ ਰਹੀ ਹੈ | ਮਾਨ ਸਰਕਾਰ ਦੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਲੋਕਾਂ ਨੂੰ ਵਸਤੂਆਂ ਦੀ ਖਰੀਦ ਉਪਰੰਤ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਹੈ | ਇਸ ਨਾਲ ਆਮ ਜਨਤਾ ‘ਚ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਦੇ ਉਤਸ਼ਾਹ ਵਧਿਆ ਹੈ |
ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਖਪਤਕਾਰਾਂ ਦੁਆਰਾ ਐਪ ‘ਤੇ ਅਪਲੋਡ ਕੀਤੇ ਬਿੱਲਾਂ ‘ਚੋਂ ਡਰਾਅ ਦੁਆਰਾ ਹਰ ਮਹੀਨੇ 1 ਲੱਖ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾਂਦੇ ਹਨ। ਇਸ ਸਕੀਮ ਤਹਿਤ ਸੂਬੇ ਦੇ ਬਹੁਤ ਸਾਰੇ ਖਪਤਕਾਰ ਨਕਦ ਇਨਾਮ ਜਿੱਤ ਰਹੇ ਹਨ | ਇਹ ਸਕੀਮ ਤਹਿਤ ਆਮ ਜਨਤਾ ਇਨਾਮ ਦੀ ਭਾਗੀਦਾਰ ਬਣਨ ਦੇ ਨਾਲ-ਨਾਲ ਸਰਕਾਰੀ ਮਾਲੀਏ ਦੀ ਚੋਰੀ ਰੋਕਣ ਲਈ ਵੀ ਲਾਭਦਾਇਕ ਸਿੱਧ ਹੋ ਰਹੀ ਹੈ।
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੁਝ ਦਿਨ ਜਾਰੀ ਅੰਕੜਿਆਂ ਮੁਤਾਬਕ ‘ਮੇਰਾ ਬਿੱਲ ਐਪ ‘ਤੇ ਕੁੱਲ 97443 ਬਿੱਲ ਅਪਲੋਡ ਕੀਤੇ ਗਏ, ਜਿਸਦੇ ਨਤੀਜੇ ਵਜੋਂ 2601 ਜੇਤੂਆਂ ਨੇ 1,51,62,335 ਰੁਪਏ ਦੇ ਇਨਾਮ ਜਿੱਤੇ ਹਨ। ਬਾਕੀ ਰਹਿੰਦੇ 709 ਜੇਤੂਆਂ ਨੂੰ 41,39,450 ਰੁਪਏ ਦੇ ਇਨਾਮ ਛੇਤੀ ਤਕਸੀਮ ਕੀਤੇ ਜਾਣਗੇ | ਇਸ ਯੋਜਨਾ ਨਾਲ ਕਰ ਪਾਲਣਾ ‘ਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ |
ਇਸ ਸਕੀਮ ਤਹਿਤ ਬਿੱਲ ਜਾਰੀ ਕਰਨ ‘ਚ ਬੇਨਿਯਮੀਆਂ ਕਰਨ ਵਾਲੇ ‘ਤੇ ਵੀ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ | ਕੁਝ ਦਿਨ ਪਹਿਲਾਂ ਬੇਨਿਯਮੀਆਂ ਲਈ ਦੋਸ਼ੀ ਪਾਏ ਜਾਣ ਵਾਲਿਆਂ ਨੂੰ 7,92,72,741 ਰੁਪਏ ਦੇ ਜੁਰਮਾਨੇ ਕੀਤੇ ਹਨ। ਜਿਨ੍ਹਾਂ ‘ਚ ਹੁਣ ਤੱਕ 6,16,98,869 ਰੁਪਏ ਦੇ ਜੁਰਮਾਨੇ ਦੀ ਵਸੂਲੇ ਗਏ ਹਨ |
‘ਬਿੱਲ ਲਿਆਓ ਇਨਾਮ ਪਾਓ’ ਸਕੀਮ (Bill Liao Inaam Pao scheme) ਦੀ ਸਫਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰ ਪ੍ਰਣਾਲੀ ‘ਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦੇ ਯਤਨਾਂ ਦਾ ਪ੍ਰਮਾਣ ਹੈ। ਇਸਦੇ ਨਾਲ ਹੀ ਪੰਜਾਬ ਅੰਦਰ ਕਰ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।