ਪੌਸ਼ਟਿਕ ਬਾਗ਼

ਮਾਨ ਸਰਕਾਰ ਪੰਜਾਬ ਭਰ ਦੇ 5,000 ਸਰਕਾਰੀ ਸਕੂਲਾਂ ‘ਚ ਬਣਾਏਗੀ ‘ਪੌਸ਼ਟਿਕ ਬਾਗ਼’

ਚੰਡੀਗੜ੍ਹ, 09 ਜਨਵਰੀ, 2026: ਆਮ ਆਦਮੀ ਪਾਰਟੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 5,073 ਸਰਕਾਰੀ ਸਕੂਲਾਂ ‘ਚ ਪੌਸ਼ਟਿਕ ਬਾਗ਼ ਸਥਾਪਤ ਕਰਕੇ ਸੂਬੇ ਦੇ ਵਿਦਿਅਕ ਢਾਂਚੇ ਨੂੰ ਬੁਨਿਆਦੀ ਤੌਰ ‘ਤੇ ਬਦਲਣ ਦਾ ਅਹਿਮ ਫੈਸਲਾ ਲਿਆ ਹੈ। ਪੰਜਾਬ ਸਰਕਾਰ ਮੁਤਾਬਕ ਇਹ ਪਹਿਲ ਨਾ ਸਿਰਫ਼ ਬੱਚਿਆਂ ਨੂੰ ਕੁਪੋਸ਼ਣ ਦੇ ਚੱਕਰ ਤੋਂ ਮੁਕਤ ਕਰੇਗੀ ਬਲਕਿ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵੱਲ ਕਦਮ ਵੀ ਹੈ।

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਇਹ ਪ੍ਰੋਜੈਕਟ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਕਵਰ ਕਰੇਗਾ, ਜਿਨ੍ਹਾਂ ਨੂੰ ਹੁਣ ਆਪਣੇ ਸਕੂਲਾਂ ‘ਚ ਤਾਜ਼ੀਆਂ, ਸ਼ੁੱਧ ਅਤੇ ਕੀਟਨਾਸ਼ਕ-ਮੁਕਤ ਸਬਜ਼ੀਆਂ ਅਤੇ ਫਲਾਂ ਤੱਕ ਪਹੁੰਚ ਹੋਵੇਗੀ। ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮਿਡ-ਡੇਅ ਮੀਲ ਦੀ ਗੁਣਵੱਤਾ ਅਕਸਰ ਇੱਕ ਚੁਣੌਤੀ ਰਹੀ ਹੈ, ਪਰ ਪੰਜਾਬ ਸਰਕਾਰ ਨੇ ਇਸ ਸਮੱਸਿਆ ਦਾ ਇੱਕ ਟਿਕਾਊ ਅਤੇ ਕੁਦਰਤੀ ਹੱਲ ਲੱਭਿਆ ਹੈ। ਸਾਲਾਂ ਤੋਂ ਅਣਗੌਲੀ ਖਾਲੀ ਵਾਧੂ ਸਕੂਲੀ ਜ਼ਮੀਨ ਨੂੰ ਹੁਣ ਖੇਤੀਬਾੜੀ, ਬਾਗਬਾਨੀ ਅਤੇ ਸਿੱਖਿਆ ਵਿਭਾਗਾਂ ਦੇ ਸਹਿਯੋਗੀ ਯਤਨਾਂ ਰਾਹੀਂ ਹਰੇ-ਭਰੇ ਜੜੀ-ਬੂਟੀਆਂ ਅਤੇ ਫਲਾਂ ਦੇ ਬਾਗਾਂ ‘ਚ ਬਦਲਿਆ ਜਾਵੇਗਾ |

ਮਾਨ ਸਰਕਾਰ ਮੁਤਾਬਕ ਇਸ ਯੋਜਨਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਬਦਲਦੀ ਖੁਰਾਕ ਜੀਵਨ ਸ਼ੈਲੀ ਦੇ ਵਿਚਾਲੇ ਬੱਚਿਆਂ ਨੂੰ 80% ਪੋਸ਼ਣ ਅਤੇ 20% ਸੁਆਦ ਦਾ ਸਿਧਾਂਤ ਸਿਖਾਉਂਦਾ ਹੈ। ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ ‘ਚ, ਜਿੱਥੇ ਸਕੂਲਾਂ ‘ਚ ਤਿੰਨ ਤੋਂ ਚਾਰ ਏਕੜ ਵਾਧੂ ਜ਼ਮੀਨ ਹੈ, ਇਹ ਬਾਗ ਨਾ ਸਿਰਫ਼ ਬੱਚਿਆਂ ਨੂੰ ਸਿਹਤਮੰਦ ਖੁਰਾਕ ਪ੍ਰਦਾਨ ਕਰਨਗੇ ਬਲਕਿ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਨਵੀਂ ਖੇਤੀ ਤਕਨੀਕਾਂ ਅਤੇ ਫਸਲੀ ਵਿਭਿੰਨਤਾ ਦੀ ਮਹੱਤਤਾ ਨੂੰ ਸਮਝਣ ‘ਚ ਵੀ ਮੱਦਦ ਕਰਨਗੇ। ਇਹ ਯੋਜਨਾ ਸਕੂਲਾਂ ਤੱਕ ਸੀਮਿਤ ਨਹੀਂ ਹੈ, ਸਗੋਂ 1,100 ਆਂਗਣਵਾੜੀ ਕੇਂਦਰਾਂ ਨੂੰ ਵੀ ਇਸ ਮਿਸ਼ਨ ‘ਚ ਸ਼ਾਮਲ ਕੀਤਾ ਹੈ |

ਪੰਜਾਬ ਸਰਕਾਰ ਮੁਤਾਬਕ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਸਿਖਲਾਈ ਅਤੇ ਵਿਭਾਗਾਂ ਵਿਚਾਲੇ ਤਾਲਮੇਲ, ਪੰਜਾਬ ਦੇ ਹਰ ਬੱਚੇ ਨੂੰ ਮਿਆਰੀ ਭੋਜਨ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ। ਜਦੋਂ ਪੰਜਾਬ ਦਾ ਬਚਪਨ ਸਿਹਤਮੰਦ ਹੋਵੇਗਾ ਤਾਂ ਹੀ ਸੂਬੇ ਦੀ ਤਰੱਕੀ ਦੇ ਪਹੀਏ ਨੂੰ ਨਵੀਂ ਗਤੀ ਮਿਲੇਗੀ।

Read More: ਪੰਜਾਬ ਦੇ 852 ਸਰਕਾਰੀ ਸਕੂਲਾਂ ਦੇ ਨਵੀਨੀਕਰਨ 17.44 ਕਰੋੜ ਰੁਪਏ ਤੋਂ ਵੱਧ ਫੰਡ ਜਾਰੀ

ਵਿਦੇਸ਼

Scroll to Top