ਚੰਡੀਗੜ੍ਹ, 6 ਅਗਸਤ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੱਧ ਪ੍ਰਦੇਸ਼ ਵਿਚ ਸਿਗਲੀਗਰ ਭਾਈਚਾਰੇ ਦੇ ਮੈਂਬਰਾਂ ਨੁੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਤੇ ਪੀੜਤ ਕੀਤੇ ਜਾਣ ਕਾਰਨ ਉਹਨਾਂ ਦੇ ਆਪਣੇ ਘਰ ਛੱਡਣ ਲਈ ਮਜਬੂਰ ਹੋਣ ਅਤੇ ਜੰਗਲਾਂ ਵਿਚ ਸ਼ਰਣ ਲੈਦ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਅੱਜ ਪਾਰਟੀ ਦਾ ਪੰਜ ਮੈਂਬਰ ਵਫਦ ਉਥੇ ਭੇਜਿਆ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇਸ ਵਫਦ ਦੀ ਅਗਵਾਈ ਕਰ ਰਹੇ ਹਨ।
ਸਿਕਲੀਗਰ ਭਾਈਚਾਰੇ ਨੇ ਦੱਸਿਆ ਸੀ ਕਿ ਉਹਨਾਂ ਨੁੰ ਦਹਾਕਿਆਂ ਤੱਕ ਅਣਡਿੱਠ ਕੀਤਾ ਗਿਆ ਤੇ ਉਹਨਾਂ ਨੂੰ ਫੌਜਕਾਰੀ ਕੇਸਾਂ ਵਿਚ ਵੀ ਫਸਾਇਆ ਗਿਆ। ਮੱਧ ਪ੍ਰਦੇਸ਼ ਵਿਚ 35000 ਤੋਂ ਜ਼ਿਆਦਾ ਸਿਕਲੀਗਰ ਨਰਮਦਾ ਨਦੀ ਦੇ ਦੁਆਲੇ ਰਹਿੰਦੇ ਹਨ। ਉਹਨਾਂ ਨੂੰ ਰੋਜ਼ੀ ਰੋਟੀ ਵਾਸਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੁੰ ਕੋਈ ਜ਼ਮੀਨ, ਗਰਾਂਟ ਜਾਂ ਨੌਕਰੀ ਨਹੀਂ ਦਿੱਤੀ ਗਈ ਜਿਸ ਕਾਰਨ ਉਹਨਾਂ ਦੇ ਆਰਥਿਕ ਹਾਲਾਤ ਬਹੁਤ ਮਾੜੇ ਹੋਏ ਪਏ ਹਨ।ਬਾਦਲ ਨੇ ਦੱਸਿਆ ਕਿ ਵਫਦ ਵੱਲੋਂ ਸਿਕਲੀਗਰ ਭਾਈਚਾਰੇ ਨਾਲ ਮੁਲਾਕਾਤ ਕਰ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਤੇ ਇਹਨਾਂ ਦੇ ਹੱਲ ਵਾਸਤੇ ਉਪਰਾਲਾ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਅਸੀਂ ਇਕ ਪੈਕਜ ਰਾਹੀਂ ਇਹਨਾਂ ਨੁੰ ਮੁੜ ਕੌਮੀ ਮੁੱਖ ਧਾਰਾ ਵਿਚ ਲਿਆਉਣ ਦਾ ਉਪਰਾਲਾ ਕਰਾਂਗੇ।ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਖਰਗੌਨ ਜ਼ਿਲ੍ਹੇ ਵਿਚ ਸਿਕਲੀਗਰ ਸਮਾਜ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਇਹ ਕੌਮ ਦੇ ਹੀਰੇ ਹਨ। ਇਹਨਾਂ ਲੋਕਾਂ ਨੇ ਪਹਿਲਾਂ ਗੁਰੂ ਸਾਹਿਬਾਨ ਨੂੰ ਮੁਗਲਾਂ ਨਾਲ ਲੜਨ ਵਾਸਤੇ ਤੇ ਫਿਰ ਦੇਸ਼ ਦੀ ਆਜ਼ਾਦੀ ਵਾਸਤੇ ਸਸ਼ਤਰ ਬਣਾ ਕੇ ਦਿੱਤੇ ਸਨ। ਉਹਨਾਂ ਕਿਹਾ ਕਿ ਅੱਜ ਇਹ ਲੋਕ ਤੜਪ ਰਹੇ ਹਨ, ਇਹਨਾਂ ਦੇ ਪਰਿਵਾਰਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਕੁਝ ਲੋਕ ਜੰਗਲਾਂ ਵਿਚ ਭੱਜ ਕੇ ਆਪਣੀ ਜਾਨ ਬਚਾਅ ਰਹੇ ਹਨ।
ਉਹਨਾਂ ਕਿਹਾ ਕਿ ਸਿਕਲੀਗਰ ਭਾਈਚਾਰੇ ਨੂੰ ਦੇਸ਼ ਤੇ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਇਹ ਵਿਸ਼ਵਾਸ ਦੁਆਇਆ ਹੈ ਕਿ ਇਹ ਜਿਥੇ ਕਹਿਣਗੇ ਉਥੇ ਹੀ ਕਾਰਖਾਨਾ ਬਣਾ ਕੇ ਦਿਆਂਗੇ ਤੇ ਇਹ ਲੋਕ ਗੁਰੂ ਦੇ ਸਸ਼ਤਰ ਬਣਾਉਣਗੇ ਜਿਹਨਾਂ ਵਿਚ ਸਿਰੀ ਸਾਹਿਬ ਆਦਿ ਸ਼ਾਮਲ ਹਨ। ਉਹਨਾਂ ਕਿਹਾ ਕਿ ਅਸੀਂ ਸਿਕਲੀਗਰ ਭਾਈਚਾਰੇ ਦਾ ਅਜਿਹਾ ਬ੍ਰਾਂਡ ਬਣਾਵਾਂਗੇ ਤੇ ਦੁਨੀਆਂ ਭਰ ਦੇ ਸਿੱਖਾਂ ਨੁੰ ਅਪੀਲ ਕਰਾਂਗੇ ਕਿ ਤੁਹਾਡੇ ਬ੍ਰਾਂਡ ਦੀ ਹੀ ਸਿਰੀ ਸਾਹਿਬ ਤੇ ਸ਼ਸਤਰ ਖਰੀਦਣ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਇਹਨਾਂ ਵਿਚੋਂ ਆਰਥਿਕ ਤੌਰ ’ ਤੇਕਮਜ਼ੋਰ ਲੋਕਾਂ ਨੁੰ ਫਤਿਹਾਬਾਦ ਵਿਚ ਕਮੇਟੀਦੀ ਜ਼ਮੀਨ ਵਿਚ ਮਕਾਨ ਬਣਾ ਕੇ ਦਿੱਤੇ ਜਾਣਗੇ ਤੇ ਪੂਰੀ ਕਲੌਨੀ ਵਸਾਈ ਜਾਵੇਗੀ।
ਉਹਨਾਂ ਕਿਹਾ ਕਿ ਨਾਲ ਹੀ ਕਾਰਖਾਨਾ ਵੀ ਲਗਾਇਆ ਜਾਵੇਗਾ ਤੇ ਬੱਚਿਆਂ ਨੂੰ 12ਵੀਂ ਤੱਕ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਨੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੁੰ ਅਪੀਲ ਕੀਤੀ ਕਿ ਉਹ ਅੱਜ ਗੁਰੂ ਦੇ ਇਹਨਾਂ ਸਿੱਖਾਂ ਨਾਲ ਇਕਰਾਰ ਕਰ ਰਹੇ ਹਨ ਤੇ ਇਹਨਾਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਕੱਲ੍ਹ ਤੋਂ ਸਾਡੀ ਲੀਗਲ ਟੀਮ ਇਥੇ ਹੀ ਡੇਰੇ ਲਗਾਏਗੀ। ਜਿਹੜੇ ਲੋਕ ਗ੍ਰਿਫਤਾਰ ਹਨ, ਉਹਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾਣਗੀਆਂ, ਜੋ ਫਰਾਰ ਹਨ, ਉਹਨਾਂ ਨੁੰ ਵਾਪਸ ਲਿਆਂਦਾ ਜਾਵੇਗਾ।
ਸਿਰਸਾ ਨੇ ਕਿਹਾ ਕਿ ਅਸੀਂ ਦੋ ਚਾਰ ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਇਹਨਾਂ ਦੇ ਪਟੇ ਸੁਰਜੀਤ ਕਰਾਵਾਂਗੇ, ਇਹਨਾਂ ਨੂੰ ਇਹਨਾਂ ਦੀਆਂ ਜ਼ਮੀਨਾਂ ਦਾ ਕਬਜ਼ਾ ਮੁੜ ਦੁਆਵਾਂਗੇ ਤੇ ਜਿਹੜੇ ਢਾਬੇ ਢਾਹੇ ਜਾ ਰਹੇ ਹਨ, ਉਹ ਵੀ ਵਾਪਸ ਦੁਆਏ ਜਾਣਗੇ। ਇਸ ਮੌਕੇ ਸਿਰਸਾ ਦੇ ਨਾਲ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ, ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਹੋਰ ਆਗੂ ਹਾਜ਼ਰ ਸਨ।