ਦਿੱਲੀ ਸਿੱਖ ਗੁਰਦੁਆਰਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨਾਲ ਮੁਲਾਕਾਤ

ਨਵੀਂ ਦਿੱਲੀ, 19 ਅਕਤੂਬਰ 2023 (ਦਵਿੰਦਰ ਸਿੰਘ): ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠਲੇ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਨਿਰੰਕਾਰੀਆਂ ਤੇ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਵੋਟਾਂ ਬਣਨ ਦੇ ਮਾਮਲੇ ਨੂੰ ਚੁੱਕਿਆ, ਜਿਸਨੂੰ ਮੁੱਖ ਮੰਤਰੀ ਨੇ ਹੱਲ ਕਰਨ ਵਾਸਤੇ ਫੌਰੀ ਹੁਕਮ ਜਾਰੀ ਕੀਤੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਰਦਾਰ ਸਿਰਸਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਫਦ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਹਰਿਆਣਾ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਾਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਵਾਸਤੇ ਨਿਰੰਕਾਰੀਆਂ ਤੇ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਵੀ ਵੋਟਾਂ ਬਣਵਾਈਆਂ ਗਈਆਂ ਹਨ ਜਿਹਨਾਂ ਦੀ ਸ਼ਿਕਾਇਤ ਅਸੀਂ ਮੁੱਖ ਮੰਤਰੀ ਕੋਲ ਕੀਤੀ ਹੈ।

ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਪਹਿਲਾਂ ਬਣੀਆਂ ਸਾਰੀਆਂ ਵੋਟਾਂ ਰੱਦ ਕਰਨ ਦੇ ਹੁਕਮ ਦਿੱਤੇ ਹਨ ਤੇ ਹੁਣ ਵੋਟਾਂ ਬਣਾਉਣ ਵਾਸਤੇ ਫਾਰਮ ਵਿਚ ਵੀ ਸੋਧ ਕਰ ਕੇ ਇਹ ਮੱਦੇ ਸ਼ਾਮਲ ਕੀਤੀ ਗਈ ਹੈ ਕਿ ਜੋ ਵਿਅਕਤੀ ਵੋਟ ਬਣਵਾਉਣ ਵਾਸਤੇ ਅਪਲਾਈ ਕਰੇਗਾ, ਉਹ ਲਿਖਤੀ ਭਰੋਸਾ ਦੇਵੇਗਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਣ ਵਾਲਾ ਸਿੱਖ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਫੈਸਲਾ ਹੈ ਜਿਸ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਧੰਨਵਾਦੀ ਰਹੇਗੀ। ਉਹਨਾਂ ਕਿਹਾ ਕਿ ਨਿਰੋਲ ਸਿੱਖ ਵੋਟਾਂ ਬਣਾਉਣ ਵਾਸਤੇ ਇਹ ਬਹੁਤ ਵੱਡਾ ਫੈਸਲਾ ਹੈ।

ਉਹਨਾਂ ਦੱਸਿਆ ਕਿ ਇਹ ਮਸਲਾ ਅਸਲ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਾਹਮਣੇ ਲਿਆਂਦਾ ਸੀ ਜਿਹਨਾਂ ਦੱਸਿਆ ਸੀ ਕਿ ਕਿਵੇਂ ਨਿਰੰਕਾਰੀਆਂ ਤੇ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਵੋਟਾਂ ਬਣ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਦਿੱਲੀ ਗੁਰਦੁਆਰਾ ਕਮੇਟੀ ਦੇ ਇਤਰਾਜ਼ ਮਗਰੋਂ ਇਹ ਮਸਲਾ ਸਥਾਈ ਤੌਰ ’ਤੇ ਹੱਲ  ਹੋ ਗਿਆ ਹੈ।

Scroll to Top