ਮਨੀਪੁਰ, 13 ਸਤੰਬਰ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮਨੀਪੁਰ ਦੇ ਦੌਰੇ ‘ਤੇ ਹਨ। ਮਈ 2023 ‘ਚ ਮਨੀਪੁਰ ‘ਚ ਹਿੰਸਾ ਭੜਕਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਆਪਣੇ ਮਨੀਪੁਰ ਦੌਰੇ ‘ਤੇ ਪਹਿਲਾਂ ਚੁਰਾਚਾਂਦਪੁਰ ਗਏ ਸਨ। ਇਹ ਕੁਕੀ ਬਹੁਲਤਾ ਵਾਲਾ ਇਲਾਕਾ ਹੈ ਅਤੇ ਹਿੰਸਾ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ‘ਚੋਂ ਇੱਕ ਸੀ।
ਪ੍ਰਧਾਨ ਮੰਤਰੀ ਨੇ ਚੁਰਾਚਾਂਦਪੁਰ ‘ਚ 7,300 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਜਨਤਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੀਪੁਰ ਦੀ ਇਹ ਧਰਤੀ ਹਿੰਮਤ ਦੀ ਧਰਤੀ ਹੈ। ਮੈਂ ਮਨੀਪੁਰ ਦੇ ਲੋਕਾਂ ਦੀ ਭਾਵਨਾ ਨੂੰ ਸਲਾਮ ਕਰਦਾ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਜ਼ਿੰਦਗੀ ‘ਚ ਇਸ ਪਲ ਨੂੰ ਨਹੀਂ ਭੁੱਲ ਸਕਦਾ। ਮਨੀਪੁਰ ਦੇ ਨਾਮ ‘ਚ ਹੀ ਇੱਕ ਮਣੀ ਹੈ, ਇਹ ਉਹ ਮਣੀ ਹੈ ਜੋ ਆਉਣ ਵਾਲੇ ਸਮੇਂ ‘ਚ ਪੂਰੇ ਉੱਤਰ ਪੂਰਬ ਦੀ ਚਮਕ ਵਧਾਉਣ ਵਾਲੀ ਹੈ। ਸਰਕਾਰ ਦੀ ਪੂਰੀ ਕੋਸ਼ਿਸ਼ ਵਿਕਾਸ ਦੇ ਕੰਮ ‘ਚ ਸੂਬੇ ਨੂੰ ਲਗਾਤਾਰ ਅੱਗੇ ਵਧਾਉਣ ਦੀ ਰਹੀ ਹੈ।
ਉਨ੍ਹਾਂ ਕਿਹਾ, ‘ਅੱਜ ਭਾਰਤ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਅਸੀਂ ਬਹੁਤ ਜਲਦੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੇ ਹਾਂ। ਅਸੀਂ ਦੇਸ਼ ਭਰ ‘ਚ ਗਰੀਬਾਂ ਲਈ ਕੰਕਰੀਟ ਦੇ ਘਰ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ। ਮਨੀਪੁਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਵੀ ਇਸ ਦਾ ਫਾਇਦਾ ਹੋਇਆ।
ਪਿਛਲੇ ਸਾਲ 15 ਕਰੋੜ ਤੋਂ ਵੱਧ ਦੇਸ਼ ਵਾਸੀਆਂ ਨੂੰ ਟੂਟੀ ਵਾਲੇ ਪਾਣੀ ਦੀ ਸਹੂਲਤ ਮਿਲੀ ਹੈ। 7-8 ਸਾਲ ਪਹਿਲਾਂ ਤੱਕ, ਮਨੀਪੁਰ ‘ਚ ਸਿਰਫ਼ 25-30 ਹਜ਼ਾਰ ਘਰਾਂ ‘ਚ ਹੀ ਪਾਈਪ ਵਾਲਾ ਪਾਣੀ ਸੀ। ਅੱਜ ਇੱਥੇ 3.5 ਲੱਖ ਤੋਂ ਵੱਧ ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਹੂਲਤ ਮਿਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਚੁਰਾਚਾਂਦਪੁਰ ਤੋਂ ਬਾਅਦ ਇੰਫਾਲ ਜਾਣਗੇ।
ਮੇਈਤੇਈ ਭਾਈਚਾਰੇ ਦੇ ਲੋਕ ਇੰਫਾਲ ਵਿੱਚ ਰਹਿੰਦੇ ਹਨ। 2023 ਵਿੱਚ ਹੋਈ ਹਿੰਸਾ ਤੋਂ ਬਾਅਦ, ਕੁਕੀ ਲੋਕਾਂ ਨੇ ਇੰਫਾਲ ਆਉਣਾ ਬੰਦ ਕਰ ਦਿੱਤਾ ਹੈ ਅਤੇ ਮੈਤੇਈ ਲੋਕਾਂ ਨੇ ਚੁਰਾਚਾਂਦਪੁਰ ਆਉਣਾ ਬੰਦ ਕਰ ਦਿੱਤਾ ਹੈ। 1988 ਵਿੱਚ ਰਾਜੀਵ ਗਾਂਧੀ ਤੋਂ ਬਾਅਦ ਪੀਐਮ ਮੋਦੀ ਚੁਰਾਚੰਦਪੁਰ ਆਉਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਪੀਐਮ ਮੋਦੀ ਨੇ ਕਿਹਾ – ਮੈਂ ਮਨੀਪੁਰ ਦੇ ਸਾਰੇ ਸੰਗਠਨਾਂ ਨੂੰ ਸ਼ਾਂਤੀ ਦਾ ਰਸਤਾ ਅਪਣਾਉਣ, ਆਪਣੇ ਬੱਚਿਆਂ ਦੇ ਭਵਿੱਖ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ। ਮੈਂ ਵਾਅਦਾ ਕਰਦਾ ਹਾਂ, ਮੈਂ ਤੁਹਾਡੇ ਨਾਲ ਹਾਂ, ਭਾਰਤ ਸਰਕਾਰ ਤੁਹਾਡੇ ਨਾਲ ਹੈ। ਮਨੀਪੁਰ ਦੇ ਲੋਕਾਂ ਦੇ ਨਾਲ ਹੈ। ਨਸਲੀ ਹਿੰਸਾ ਕਾਰਨ 60,000 ਤੋਂ ਵੱਧ ਲੋਕ ਬੇਘਰ ਹੋਏ ਹਨ, ਜਿਨ੍ਹਾਂ ਵਿੱਚੋਂ ਲਗਭਗ 40,000 ਕੂਕੀ ਭਾਈਚਾਰੇ ਦੇ ਹਨ ਅਤੇ ਲਗਭਗ 20,000 ਮੈਤੇਈ ਭਾਈਚਾਰੇ ਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇੱਥੋਂ ਦੇ ਲੋਕਾਂ ਦੇ ਜੀਵਨ ਨੂੰ ਪਟੜੀ ‘ਤੇ ਲਿਆਉਣ ਲਈ ਯਤਨ ਕਰ ਰਹੇ ਹਾਂ। ਬੇਘਰਾਂ ਲਈ 7000 ਘਰ ਬਣਾਏ ਗਏ ਹਨ। 3000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਬਣਾਇਆ ਗਿਆ ਹੈ। ਅਸੀਂ ਕਬਾਇਲੀ ਨੌਜਵਾਨਾਂ ਦੀਆਂ ਰੁਜ਼ਗਾਰ ਚਿੰਤਾਵਾਂ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ‘ਚ ਉੱਤਰ ਪੂਰਬ ‘ਚ ਬਹੁਤ ਸਾਰੇ ਟਕਰਾਅ ਖਤਮ ਹੋ ਗਏ ਹਨ। ਲੋਕਾਂ ਨੇ ਸ਼ਾਂਤੀ ਦਾ ਰਸਤਾ ਚੁਣਿਆ, ਵਿਕਾਸ ਕਾਰਜ ਕੀਤੇ ਗਏ ਹਨ। ਇਹ ਭਾਰਤ ਸਰਕਾਰ ਦੇ ਯਤਨਾਂ ਦਾ ਹਿੱਸਾ ਹੈ, ਜੋ ਗੱਲਬਾਤ, ਸਤਿਕਾਰ ਅਤੇ ਆਪਸੀ ਸਮਝ ਨੂੰ ਮਹੱਤਵ ਦੇ ਕੇ ਸ਼ਾਂਤੀ ਲਈ ਕੀਤੇ ਜਾ ਰਹੇ ਹਨ।
Read More: PM ਮੋਦੀ ਨੇ ਸੁਸ਼ੀਲਾ ਕਾਰਕੀ ਨੂੰ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਬਣਨ ‘ਤੇ ਦਿੱਤੀ ਵਧਾਈ