ਚੰਡੀਗੜ੍ਹ, 22 ਜੁਲਾਈ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਣੀਪੁਰ (Manipur) ‘ਚ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਕਿਹਾ ਕਿ ਮਣੀਪੁਰ ਵਿਚ ਕੁਝ ਬੀਬੀਆਂ ਨਾਲ ਉਥੋਂ ਦੇ ਦਰਿੰਦਿਆਂ ਨੇ ਜੋ ਕੀਤਾ ਉਹ ਭਾਰਤ ਦੇ ਸਮੁੱਚੇ ਕਥਿਤ ਲੋਕਤੰਤਰ ਦਾ ਚੀਰਹਰਨ ਹੈ। ਉਨਾਂ ਇਸਤਰੀਆਂ ਅਤੇ ਉਨ੍ਹਾਂ ਦੀ ਕੌਮ ਜਾਂ ਭਾਈਚਾਰੇ ਦੀ ਅਸਹਿ ਪੀੜਾ ਨੂੰ ਸਾਡੇ ਤੋਂ ਵੱਧ ਕੌਣ ਜਾਣ ਸਕਦਾ, ਕਿਉਂਕਿ 1984 ਵਿਚ ਦਿੱਲੀ ਸਹਿਤ ਭਾਰਤ ਦੇ ਕਈ ਸ਼ਹਿਰਾਂ ਵਿਚ ਇਹ ਦੁਖਾਂਤ ਸਾਡੇ ਨਾਲ ਵਾਪਰਿਆ।
ਉਨ੍ਹਾਂ ਕਿਹਾ ਕਿ ਔਰਤਾਂ ਨਾਲ ਦੁਰਵਿਹਾਰ ਕਰਨ ਵਾਲੇ ਇਹ ਲੋਕ ਮਹਾਭਾਰਤ ਦੇ ਪ੍ਰੇਰਨਾ ਦਾਇਕ ਪ੍ਰਸੰਗਾਂ ਤੋਂ ਸਬਕ ਲੈਣ ਦੀ ਥਾਂ ਉਸ ਅਧਿਆਇ ਤੋਂ ਜ਼ਿਆਦਾ ਸਿੱਖਦੇ ਹਨ, ਜਿਸ ਵਿਚ ਰਾਜ ਦੀ ਸਰਪ੍ਰਸਤੀ ਤੇ ਨਿਗਾਹਾਂ ਦੇ ਸਾਹਮਣੇ ਦਰੋਪਦੀ ਨੂੰ ਨਿਰਵਸਤਰ ਕੀਤੇ ਜਾਣ ਦਾ ਉਲੇਖ ਹੈ। ਲੇਕਿਨ ਇਹ ਲੋਕ ਇਹ ਭੁੱਲ ਜਾਂਦੇ ਹਨ ਕਿ ਅਜਿਹੇ ਵਰਤਾਰੇ ਹੀ ਰਾਜ ਦੇ ਵਿਨਾਸ਼ ਦਾ ਕਾਰਨ ਬਣਦੇ ਹਨ।
ਉਨ੍ਹਾਂ ਕਿਹਾ ਕਿ ਹੋ ਰਹੇ ਜੁਲਮਾਂ ਖ਼ਿਲਾਫ਼ ਬੋਲਣਾ ਜਾਂ ਪੀੜਤ ਧਿਰਾਂ ਪ੍ਰਤੀ ਹਮਦਰਦੀ ਕਰਨੀ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਵਿਰਸੇ ‘ਚ ਸਿਖਾਈ ਹੈ, ਪਰ ਪੰਜਾਬ ਦੀ ਧਰਤੀ ‘ਤੇ ਇਸਾਈਅਤ ਦੇ ਨਾਂ ‘ਤੇ ਖੁੱਲੇ ਡੇਰੇ ਤੇ ਨਕਲੀ ਬਣੇ ਪਾਸਟਰਾਂ ਦੀ ਜੁਬਾਨ ਨੂੰ ਲੱਗੇ ਤਾਲੇ ਉਨਾ ਲੋਕਾਂ ਲਈ ਸਬਕ ਹਨ ਜੋ ਇਹਨਾਂ ਦੇ ਜਾਲ ਵਿਚ ਫਸ ਕੇ ਅਪਣੇ ਮੂਲ ਧਰਮ ਨੂੰ ਤਿਲਾਂਜਲੀ ਦਿੰਦੇ ਹਨ। ਭਾਰਤ ਦੇਸ਼ ਨੂੰ ਮਾਤਾ ਦਾ ਦਰਜਾ ਦੇਣ ਵਾਲਿਆਂ ਵਿੱਚੋਂ ਹੀ ਇਸ ਮਾਤਾ ਦੀ ਪਤਿ ਉਤਾਰਨ ਦੇ ਯਤਨ ਇਹਨਾਂ ਦੇ ਘਟੀਆਪਣ ਨੂੰ ਦਰਸਾਉਂਦੇ ਹਨ। ਕਿਸੇ ਕਾਰਟੂਨਿਸਟ ਨੇ ਇਸ ਨੂੰ ਬਾਖੂਬੀ ਚਿਤਰਿਆ ਹੈ।