ਪਟਿਆਲਾ, 14 ਜੁਲਾਈ 2023: ਚੰਡੀਗੜ੍ਹ ਤੋਂ ਮਨਾਲੀ ਗਈ ਪੀ.ਆਰ.ਟੀ.ਸੀ ਦੀ ਬੱਸ (PRTC bus) ਜਿਸਦਾ ਨੰਬਰ ਪੀਬੀ 65 ਬੀ.ਬੀ 4893 ਦੀ ਭਾਲ ਜਾਰੀ ਹੈ | ਇਸ ਘਟਨਾ ਵਿੱਚ ਬੱਸ ਡਰਾਈਵਰ ਅਤੇ ਕੰਡਕਟਰ ਦੀ ਲਾਸ਼ ਬਰਾਮਦ ਕੀਤੀ ਗਈ ਹੈ | ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਬੱਸ ਡਰਾਈਵਰ ਦੀ ਮ੍ਰਿਤਕ ਦੇਹ ਪਟਿਆਲਾ (Patiala) ਬੱਸ ਸਟੈਂਡ ਕੋਲ ਰੱਖ ਕੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ | ਜਿਸਦੇ ਚੱਲਦੇ ਆਵਾਜਾਈ ਪੂਰੀ ਤਰਾਂ ਠੱਪ ਹੋ ਗਈ ਹੈ |
ਪ੍ਰਦਰਸ਼ਨ ਕਰ ਰਹੇ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੇ ਪਰਿਵਾਰ ਦੀ ਸਾਰ ਨਹੀਂ ਲਈ | ਉਨ੍ਹਾਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਸਤਿਗੁਰ ਸਿੰਘ 10 ਹਜ਼ਾਰ ਰੁਪਏ ਦੀ ਤਨਖ਼ਾਹ ‘ਤੇ ਕਾਂਟਰੈਕਟ ‘ਤੇ ਕੰਮ ਕਰ ਰਿਹਾ ਸੀ | ਪੀੜਤ ਪਰਿਵਾਰ ਨੇ ਮੰਗਾਂ ਮੰਨਣ ਤੱਕ ਡਰਾਈਵਰ ਦਾ ਅੰਤਿਮ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ |
ਇਸਤੋਂ ਬਾਅਦ ਕੀਤੀ ਹੜ੍ਹਤਾਲ ਦਾ ਕਾਰਨ ਮਨਾਲੀ ਵਿੱਚ ਰੁੜ੍ਹੇ ਡਰਾਇਵਰ ਕੰਡਕਟਰ ਨੂੰ ਇਨਸਾਫ ਦਿਵਾਉਣਾ ਹੈ ਜਿਹਨਾਂ ਦੀਆਂ ਤਸਵੀਰਾਂ ਸ਼ਾਇਦ ਤੁਸੀਂ ਫੇਸਬੁੱਕ ਉੱਪਰ ਘੁੰਮਦੀਆਂ ਦੇਖੀਆਂ ਹੋਣਗੀਆਂ। ਇਹਨਾਂ ਦੀ ਮੌਤ ਵਿਭਾਗੀ ਲਾਪ੍ਰਵਾਹੀ ਦਾ ਨਤੀਜਾ ਹੈ ਤੇ ਹੁਣ ਸਰਕਾਰ ਦੋਵਾਂ ਦੇ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਨਹੀਂ ਹੈ।
ਸਭ ਨੂੰ ਚੇਤੇ ਹੋਵੇਗਾ ਕਿ 8 ਜੁਲਾਈ ਨੂੰ ਹੜ੍ਹ ਦਾ ਅਲਰਟ ਜਾਰੀ ਹੋਇਆ ਸੀ ਤੇ ਪੰਜਾਬ ਤੋਂ ਬਾਹਰ ਸਫਰ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ। ਇਸਦੇ ਬਾਵਜੂਦ ਪੀ.ਆਰ.ਟੀ.ਸੀ. ਵੱਲੋਂ ਲਾਪ੍ਰਵਾਹੀ ਦਿਖਾਉਂਦੇ ਹੋਏ ਬੱਸ ਨੰ. PB 65 BB 4893 ਨੂੰ 9 ਜੁਲਾਈ ਨੂੰ ਮਨਾਲੀ ਰੂਟ ਉੱਪਰ ਭੇਜਿਆ ਗਿਆ। ਮਨਾਲੀ ਪਹੁੰਚਣ ਤੋਂ ਬਾਅਦ ਡਰਾਇਵਰ ਤੇ ਕੰਡਕਟਰ ਬੱਸ ਪਾਰਕਿੰਗ ਵਿੱਚ ਲਾਕੇ ਬੱਸ ਵਿੱਚ ਹੀ ਸੌਂ ਗਏ ਕਿਉਂਕਿ ਬੱਸ ਦੀ ਰਾਖੀ ਵੀ ਇਹਨਾਂ ਦੀ ਹੀ ਸੀ। ਰਾਤ ਨੂੰ ਇਹ ਪਾਰਕਿਗ ਵਹਿ ਗਈ ਜਿਸ ਨਾਲ਼ ਇਹ ਬੱਸ ਵੀ ਰੁੜ੍ਹ ਗਈ ਤੇ ਦੋਵਾਂ ਦੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਭਾਲਣ ਦਾ ਕੰਮ ਵੀ ਸਰਕਾਰ ਨੇ ਨਹੀਂ ਸਗੋਂ ਸਾਥੀ ਡਰਾਇਵਰਾਂ, ਕੰਡਕਟਰਾਂ ਨੇ ਹੀ ਕੀਤਾ ਹੈ।
ਇਸ ਬੱਸ ਦਾ ਨੌਜਵਾਨ ਕੰਡਕਟਰ ਜਗਸੀਰ ਸਿੰਘ ਪਟਿਆਲਾ ਜਿਲ੍ਹੇ ਦੇ ਪਿੰਡ ਖੇੜੀ ਬਰਨਾ ਦਾ ਰਹਿਣ ਵਾਲ਼ਾ ਸੀ ਤੇ ਉਸਦੇ 4-5 ਸਾਲ ਦੇ ਦੋ ਬੱਚੇ ਹਨ। ਡਰਾਇਵਰ ਸਤਿਗੁਰ ਸਿੰਘ ਸੰਗਰੂਰ ਜਿਲ੍ਹੇ ਦੇ ਪਿੰਡ ਰਾਏਧਰਾਣਾ ਦਾ ਵਸਨੀਕ ਸੀ ਤੇ ਉਸ ਦਾ ਇੱਕ 15 ਸਾਲ ਦਾ ਮੁੰਡਾ ਤੇ ਉਸਤੋਂ ਛੋਟੀ ਇੱਕ ਕੁੜੀ ਹੈ। ਇਹ ਦੋਵੇਂ ਸਧਾਰਨ ਘਰਾਂ ਤੋਂ ਸਨ ਤੇ ਉਹਨਾਂ ਸਿਰ ਹੀ ਘਰ ਦਾ ਗੁਜਾਰਾ ਚਲਦਾ ਸੀ। ਦੋਵੇਂ ਕੱਚੇ ਮੁਲਾਜਮ ਸਨ ਤੇ ਆਊਟਸੋਰਸ ਉੱਪਰ ਭਰਤੀ ਕੀਤੇ ਹੋਏ ਸਨ। ਮਤਲਬ ਸਰਕਾਰ ਨੇ ਇਹਨਾਂ ਨੂੰ ਸਿੱਧਾ ਭਰਤੀ ਕਰਨ ਦੀ ਥਾਂ ਕੰਪਨੀ ਨੂੰ ਠੇਕਾ ਦੇਕੇ ਉਸ ਰਾਹੀਂ ਭਰਤੀ ਕੀਤਾ ਹੈ, ਕਿਉਂਕਿ ਇਸ ਨਾਲ਼ ਸਰਕਾਰ ਲਈ ਇਹਨਾਂ ਨੂੰ ਪੱਕੇ ਕਰਨ ਤੋਂ ਭੱਜਣਾ ਸੌਖਾ ਹੋ ਜਾਂਦਾ ਹੈ ਤੇ ਉਹਨਾਂ ਤੋਂ ਬਹੁਤ ਘੱਟ ਤਨਖਾਹ ਉੱਪਰ ਕੰਮ ਲਿਆ ਜਾਂਦਾ ਹੈ।
ਦੋਵਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਜਾਂ ਪੀ.ਆਰ.ਟੀ.ਸੀ. ਵਿਭਾਗ ਨੇ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਨ, ਉਹਨਾਂ ਦਾ ਦੁੱਖ ਵੰਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਇਹਨਾਂ ਦੇ ਪਰਿਵਾਰ ਨੂੰ ਕੋਈ ਮੁਆਵਜਾ ਦਿੱਤਾ ਗਿਆ। ਇਸ ਡਰਾਇਵਰ ਤੇ ਕੰਡਕਟਰ ਪ੍ਰਤੀ ਇਸ ਸਰਕਾਰੀ ਬੇਰੁਖੀ ਕਾਰਨ ਹੀ ਪਨਬੱਸ ਤੇ ਪੀ.ਆਰ.ਟੀ.ਸੀ. ਕੰਟੈਰਕਟ ਵਰਕਜ ਯੂਨੀਅਨ ਦੀ ਅਗਵਾਈ ਹੇਠ ਮੁਲਾਜਮਾਂ ਨੇ ਹੜਤਾਲ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਦੋਵਾਂ ਦੇ ਪਰਿਵਾਰਾਂ ਲਈ 1-1 ਕਰੋੜ ਰੁਪਏ ਮੁਆਵਜੇ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਸਾਡੇ ਕੋਲ਼ ਹਾਸਲ ਜਾਣਕਾਰੀ ਮੁਤਾਬਕ ਯੂਨੀਅਨ ਦੇ ਨੁਮਾਇੰਦਿਆਂ ਦੀ ਵਿਭਾਗ ਨਾਲ਼ ਮੀਟਿੰਗ ਹੋਈ ਹੈ ਜਿਸ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਦੋਵੇਂ ਸਿੱਧੇ ਪੀ.ਆਰ.ਟੀ.ਸੀ. ਦੇ ਮੁਲਾਜਮ ਨਹੀਂ ਸਨ ਇਸ ਕਰਕੇ ਉਹਨਾਂ ਨੂੰ ਮੁਆਵਜਾ ਦੇਣਾ ਕੋਈ ਸਰਕਾਰ ਦੀ ਜਿੰਮੇਵਾਰੀ ਨਹੀਂ ਹੈ। ਸਗੋਂ ਉਹਨਾਂ ਨੇ ਕਿਹਾ ਕਿ ਸਾਰੇ ਮੁਲਾਜਮਾਂ ਦੀ ਅੱਧੀ-ਅੱਧੀ ਤਨਖਾਹ ਕੱਟ ਕੇ ਇਹਨਾਂ ਦੇ ਪਰਿਵਾਰਾਂ ਨੂੰ ਹੀ ਮੁਆਵਜਾ ਦਿੱਤਾ ਜਾ ਸਕਦਾ ਹੈ। ਸਰਕਾਰੀ ਨੁਮਾਇੰਦਿਆਂ ਦੀਆਂ ਇਹ ਟਿੱਪਣੀਆਂ ਸੰਵੇਦਨਹੀਣਤਾ ਦੀ ਸਿਖਰ ਹਨ। ਇੱਕ ਤਾਂ ਵਿਭਾਗ ਦੀ ਲਾਪ੍ਰਵਾਹੀ, ਸਗੋਂ ਸੁਚੇਤ ਗਲਤੀ ਕਾਰਨ ਇਹਨਾਂ ਦੋਵਾਂ ਦੀ ਮੌਤ ਹੋਈ ਹੈ ਤੇ ਉੱਤੋਂ ਉਹਨਾਂ ਦਾ ਰਵੱਈਆ ਇਉਂ ਹੈ ਜਿਵੇਂ ਖੁਦ ਡਾਰਇਵਰ ਤੇ ਕੰਡਕਟਰ ਹੀ ਆਪਣੀ ਮੌਤ ਲਈ ਜਿੰਮੇਵਾਰ ਹੋਣ।
ਭਗਵੰਤ ਮਾਨ ਸਮੇਤ ਪੰਜਾਬ ਸਰਕਾਰ ਦੇ ਮੰਤਰੀ ਬੇਸ਼ਰਮੀ ਨਾਲ਼ ਇਸ ਪੂਰੇ ਮਸਲੇ ਉੱਪਰ ਚੁੱਪੀ ਵੱਟੀ ਬੈਠੇ ਹਨ ਤੇ ਹੜ੍ਹ ਪੀੜ੍ਹਤ ਇਲਾਕੇ ਵਿੱਚ ਹੱਥ ਕੱਢ ਕੇ ਗਿੱਟੇ ਭਿਉਂਣ ਦੇ ਫੋਟੋਸ਼ੂਟ ਵਿੱਚ ਰੁੱਝੇ ਹੋਏ ਹਨ। ਪੀ.ਆਰ.ਟੀ.ਸੀ. ਦੀਆਂ ਤਿੰਨ ਹੋਰ ਬੱਸਾਂ ਮਨਾਲੀ ਤੇ 2 ਬੱਸਾਂ ਮਨੀਕਰਨ ਫਸੀਆਂ ਹੋਈਆਂ ਹਨ। ਧਰਨਾਕਾਰੀਆਂ ਦੀ ਮੰਗ ਹੈ ਕਿ ਉੱਥੇ ਫਸੇ ਇਹਨਾਂ ਮੁਲਾਜਮਾਂ ਦੀ ਵੀ ਉੱਥੇ ਸੁਰੱਖਿਆ, ਰਹਿਣ ਤੇ ਉਹਨਾਂ ਨੂੰ ਉੱਥੋਂ ਕੱਢਣ ਦਾ ਪ੍ਰਬੰਧ ਕੀਤਾ ਜਾਵੇ।
ਪੀ.ਆਰ.ਟੀ.ਸੀ. ਕੰਟਰੈਕਟ ਵਰਕਜ ਯੂਨੀਅਨ ਦਾ ਕਹਿਣਾ ਹੈ ਕਿ ਪੀੜ੍ਹਤ ਪਰਿਵਾਰਾਂ ਨੂੰ ਮੁਆਵਜਾ ਮਿਲਣ ਤੱਕ ਇਹ ਹੜਤਾਲ ਜਾਰੀ ਰਹੇਗੀ ਤੇ ਜੇ ਲੋੜ ਪਈ ਤਾਂ ਅਗਲੇ ਦਿਨਾਂ ਵਿੱਚ ਪਨਬੱਸ ਦੇ ਮੁਲਾਜਮ ਵੀ ਸਭ ਡੀਪੂਆਂ ਵਿੱਚ ਹੜਤਾਲ ਉੱਪਰ ਜਾਣਗੇ।