Punjab Gramin Bank

ਗ੍ਰਾਮੀਣ ਬੈਂਕ ‘ਚ 34 ਲੱਖ ਰੁਪਏ ਤੋਂ ਵੱਧ ਹੇਰਾਫੇਰੀ ਕਰਨ ਦੇ ਦੋਸ਼ ਹੇਠ ਮੈਨੇਜਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 22 ਨਵੰਬਰ 2024: ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋਲੰਗਾ ‘ਚ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ‘ਚ 34,92,299 ਰੁਪਏ ਦੀ ਹੇਰਾਫੇਰੀ ਕਰਨ ਦੇ ਮਾਮਲੇ ‘ਚ ਬੈਂਕ (Punjab Gramin Bank) ਦੇ ਸਾਬਕਾ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਸਾਬਕਾ ਮੈਨੇਜਰ ਦੀ ਪਛਾਣ ਪ੍ਰਮੋਦ ਕੁਮਾਰ, ਜ਼ਿਲ੍ਹਾ ਬੀਕਾਨੇਰ ਰਾਜਸਥਾਨ ਦਾ ਰਹਿਣ ਵਾਲਾ ਹੈ | ਵਿਜੀਲੈਂਸ ਮੁਤਾਬਕ
ਉਹ ਸਾਲ 2022 ਤੋਂ ਫਰਾਰ ਸੀ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2) ਅਤੇ ਆਈ.ਪੀ.ਸੀ ਦੀ ਧਾਰਾ 409 ਤਹਿਤ ਥਾਣਾ ਸਦਰ ਜ਼ਿਲ੍ਹਾ ਕਪੂਰਥਲਾ ਵਿਖੇ ਮੁਕੱਦਮਾ ਨੰਬਰ 58 ਮਿਤੀ 30/05/2022 ਦਰਜ ਕੀਤਾ ਗਿਆ ਸੀ। ਜਿਸ ‘ਚ ਸਾਬਕਾ ਮੈਨੇਜਰ ਪ੍ਰਮੋਦ ਕੁਮਾਰ ਲੋੜੀਦਾ ਸੀ |

ਇਸ ਮੈਨੇਜਰ ਨੇ ਪੰਜਾਬ ਗ੍ਰਾਮੀਣ ਬੈਂਕ (Punjab Gramin Bank), ਪਿੰਡ ਭਾਣੋਲੰਗਾ ਵਿਖੇ ਤਾਇਨਾਤੀ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੀ ਹੀ ਬਰਾਂਚ ਵਿੱਚ ਤਾਇਨਾਤ ਕਲਰਕ ਜਗਦੀਸ਼ ਸਿੰਘ ਅਤੇ ਕਲਰਕ ਰਜਨੀ ਬਾਲਾ ਦੇ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਦੁਰਵਰਤੋਂ ਕਰਦਿਆਂ ਕੁੱਲ 34,92,299 ਰੁਪਏ ਦਾ ਚੂਨਾ ਲਾਇਆ 12 ਵੱਖ-ਵੱਖ ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ਤੋਂ ਵੱਖ-ਵੱਖ ਮਿਤੀਆਂ ‘ਤੇ 26 ਟ੍ਰਾਂਜੈਕਸ਼ਨਾਂ ਰਾਹੀਂ ਧੋਖੇ ਨਾਲ ਕਢਵਾਏ ਗਏ ਅਤੇ ਫਿਰ ਇਸ ਰਕਮ ‘ਚੋਂ 8,16,023 ਰੁਪਏ 05 ਵੱਖ-ਵੱਖ ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ‘ਚ ਵਾਪਸ ਜਮ੍ਹਾ ਕਰਵਾਏ ਗਏ ਅਤੇ ਜਦੋਂ ਜਾਂਚ ਦੌਰਾਨ ਉਸਦੇ ਖਿਲਾਫ ਦੋਸ਼ ਸਾਬਤ ਹੋਏ ਤਾਂ ਉਕਤ ਮਾਮਲਾ ਦਰਜ ਕਰਕੇ ਇਹ ਮਾਮਲਾ ਵਿਜੀਲੈਂਸ ਬਿਊਰੋ ਨੂੰ ਟਰਾਂਸਫਰ ਕਰ ਦਿੱਤਾ ਗਿਆ।

ਉਕਤ ਮੁਲਜ਼ਮ ਪ੍ਰਮੋਦ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਖੁਫੀਆ ਸੂਤਰਾਂ ਤੋਂ ਟਰੇਸ ਕਰਨ ਉਪਰੰਤ ਵਿਜੀਲੈਂਸ ਬਿਊਰੋ, ਕਪੂਰਥਲਾ ਵੱਲੋਂ ਉਸ ਨੂੰ ਉਸਦੇ ਜੱਦੀ ਪਿੰਡ ਕੁੰਡਲ, ਜ਼ਿਲਾ ਬੀਕਾਨੇਰ, ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Scroll to Top