ਮਾਨ ਸਰਕਾਰ ਦਾ ਮਾਲਵੇ ਨੂੰ ਵਿਲੱਖਣ ਤੋਹਫ਼ਾ
‘ਮਾਲਵਾ ਨਹਿਰ’ ਮਿਟਾਏਗੀ ਮਾਲਵੇ ਦੇ ਖੇਤਾਂ ਦੀ ਪਿਆਸ
ਮਾਲਵਾ ਇੱਕ ਅਜਿਹਾ ਇਲਾਕਾ ਹੈ ਜੋ ਪੰਜਾਬ ’ਚ ਸਭ ਤੋਂ ਵੱਡਾ ਇਲਾਕਾ ਵੀ ਹੈ ਅਤੇ ਖੇਤੀਬਾੜੀ ’ਚ ਮਾਲਵੇ ਦਾ ਵੱਡਾ ਯੋਗਦਾਨ ਹੈ, ਪਰ ਅਬੋਹਰ, ਫ਼ਾਜ਼ਿਲਕਾ ਸਮੇਤ ਕੁਝ ਜ਼ਿਲ੍ਹੇ ਅਜਿਹੇ ਨੇ ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਨਹਿਰੀ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ | ਉਨ੍ਹਾਂ ਦੀਆਂ ਉਮੀਦਾਂ ਬਿਲਕੁਲ ਟੁੱਟ ਚੁੱਕੀਆਂ ਸਨ, ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਉਨ੍ਹਾਂ ਕਿਸਾਨਾਂ ਲਈ ਮਸੀਹਾ ਬਣਕੇ ਆਈ ਹੈ |
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ’ਚ ਕੋਈ ਨਵੀਂ ਨਹਿਰ ਬਣੇਗੀ, ਪੰਜਾਬ ਸਰਕਾਰ ਨੇ ਸੂਬੇ ‘ਚ ‘ਮਾਲਵਾ ਨਹਿਰ’ (Malwa Canal) ਦਾ ਨਵਾਂ ਨਹਿਰੀ ਪ੍ਰੋਜੈਕਟ ਲਿਆਂਦਾ ਹੈ | ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਨਹਿਰੀ ਪ੍ਰੋਜੈਕਟ ਨਾਲ ਪੰਜਾਬ ‘ਚ ਕਰੀਬ 2 ਲੱਖ ਏਕੜ ਜ਼ਮੀਨ ਦੀ ਸਿੰਚਾਈ ਕਰਨ ‘ਚ ਮੱਦਦ ਮਿਲੇਗੀ |
ਇਹ ‘ਮਾਲਵਾ ਨਹਿਰ’ 149.53 ਕਿਲੋਮੀਟਰ ਲੰਬੀ ਹੋਵੇਗੀ, ਇਸਦੇ ਨਾਲ ਹੀ ਚੌੜਾਈ 50 ਫੁੱਟ, 12.5 ਫੁੱਟ ਡੂੰਘਾਈ ਅਤੇ 500 ਮੋਘੇ ਹੋਣਗੇ | ਨਹਿਰ ਦੀ ਪ੍ਰਸਤਾਵਿਤ ਸਮਰੱਥਾ 2000 ਕਿਊਸਿਕ ਹੈ | ਇਸ ਨਹਿਰ ਨੂੰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਨਹਿਰ ਹਰੀਕੇ ਹੈੱਡਵਰਕਸ ਤੋਂ ਲੈ ਕੇ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਦੇ ਨਾਲ-ਨਾਲ ਇਸ ਦੇ ਹੈੱਡਵਰਕ ਤੋਂ ਪਿੰਡ ਵੜਿੰਗ ਖੇੜਾ ਤੱਕ ਬਣਾਈ ਜਾਵੇਗੀ |
ਇਸ ਮਾਲਵਾ ਨਹਿਰ ਦਾ ਕੁਝ ਹਿੱਸਾ ਰਾਜਸਥਾਨ ਸਰਕਾਰ ਦੀ ਸੂਬੇ ‘ਚ ਸਥਿਤ ਜ਼ਮੀਨ ‘ਚ ਵੀ ਬਣੇਗਾ ਜੋ ਰਾਜਸਥਾਨ ਫੀਡਰ ਦੇ ਨਿਰਮਾਣ ਲਈ ਐਕੁਆਇਰ ਕੀਤੀ ਗਈ ਸੀ। ਪੰਜਾਬ ਸਰਕਾਰ ਮੁਤਾਬਕ ਮਾਲਵਾ ਨਹਿਰ (Malwa Canal) ਦਾ ਨਿਰਮਾਣ ਪੰਜਾਬ ਲਈ ਬਹੁਤ ਅਹਿਮ ਹੈ, ਕਿਉਂਕਿ ਸਾਉਣੀ ਦੇ ਸੀਜ਼ਨ ਦੌਰਾਨ ਫਿਰੋਜ਼ਪੁਰ ਫੀਡਰ ਦੀ ਮੰਗ ਜ਼ਿਆਦਾ ਹੋਣ ਕਾਰਨ ਪੰਜਾਬ ਦੀ ਸਮੁੱਚੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਇਸਦੇ ਨਤੀਜੇ ਵਜੋਂ ਸਰਹਿੰਦ ਫੀਡਰ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ।
ਜਿਸ ਕਰਕੇ ਪੰਜਾਬ ਨੂੰ ਆਪਣੀਆਂ ਨਹਿਰਾਂ ਰੋਟੇਸ਼ਨ ‘ਤੇ ਚਲਾਉਣੀਆਂ ਪੈਂਦੀਆਂ ਹਨ।ਸਰਹਿੰਦ ਫੀਡਰ ਦੀ ਆਰ.ਡੀ. 7100 ਤੋਂ 430080 ਦੇ ਦਰਮਿਆਨ 302 ਲਿਫਟ ਪੰਪ ਚੱਲ ਰਹੇ ਹਨ, ਜੋ ਰਾਜਸਥਾਨ ਫੀਡਰ ਦੇ ਖੱਬੇ ਪਾਸੇ ਵਾਲੇ ਖੇਤਰ ਨੂੰ ਸਿੰਚਾਈ ਕਰਦੇ ਹਨ ਜਦਕਿ ਸ਼ੁਰੂ ‘ਚ ਰੋਪੜ ਹੈੱਡ ਵਰਕਸ ਤੋਂ ਸਰਹਿੰਦ ਨਹਿਰ ਪ੍ਰਣਾਲੀ (ਅਬੋਹਰ ਬ੍ਰਾਂਚ ਅੱਪਰ ਅਤੇ ਬਠਿੰਡਾ ਬ੍ਰਾਂਚ) ਦੁਆਰਾ ਸਿੰਚਾਈ ਜਾਂਦੀ ਸੀ।
ਪੰਜਾਬ ਦੇ ਅਬੋਹਰ ਅਤੇ ਫ਼ਾਜ਼ਿਲਕਾ ਦੀ ਨਹਿਰੀ ਸਪਲਾਈ ਲਈ ਪਾਣੀ ਦੀ ਘਾਟ ਹੁੰਦੀ ਹੈ।ਇਸ ਖੇਤਰ ‘ਚ ਸਿੰਚਾਈ ਦੀ ਸਹੂਲਤ ਨੂੰ ਵਧੀਆ ਬਣਾਉਣ ਲਈ ਮੌਜੂਦਾ ਸਰਕਾਰ ਨੇ ਜੌੜੀਆਂ ਨਹਿਰਾਂ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੇ ਬਰਾਬਰ ਇੱਕ ਹੋਰ ਨਹਿਰ ‘ਮਾਲਵਾ ਨਹਿਰ’ ਬਣਾਉਣ ਦਾ ਫੈਸਲਾ ਲਿਆ ਹੈ।
ਪੰਜਾਬ ਸਰਕਾਰ ਮੁਤਾਬਕ ਇਸ ਨਾਲ ਸਰਹਿੰਦ ਫੀਡਰ ਤੋਂ ਅਬੋਹਰ ਖੇਤਰ ਲਈ ਵਧੇਰੇ ਪਾਣੀ ਮੁਹੱਈਆ ਹੋਵੇਗਾ।ਇਸ ਨਹਿਰ ਦੇ ਬਣਨ ਨਾਲ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਬਠਿੰਡਾ, ਜ਼ੀਰਾ ਦੇ ਖੇਤਰਾਂ ਦੇ ਨਾਲ-ਨਾਲ ਅਬੋਹਰ, ਫਿਰੋਜ਼ਪੁਰ ਅਤੇ ਫਾਜ਼ਿਲਕ ਦੇ ਖੇਤਰਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਮਿਲੇਗਾ।