ਦਿੱਲੀ, 09 ਸਤੰਬਰ 2025: Vice Presidential election 2025: ਭਾਰਤ ਦੇ 17ਵੇਂ ਉਪ ਰਾਸ਼ਟਰਪਤੀ ਚੋਣ ਲਈ ਅੱਜ ਸੰਸਦ ਭਵਨ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਵੇਗੀ ਅਤੇ ਫਿਰ ਜੇਤੂ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ।
ਕਾਂਗਰਸ ਆਗੂ ਰਾਹੁਲ ਗਾਂਧੀ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਪ੍ਰਧਾਨ ਜੇਪੀ ਨੱਡਾ, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਸਮੇਤ ਇੰਡੀਆ ਅਲਾਇੰਸ ਅਤੇ ਐਨਡੀਏ ਦੇ ਕਈ ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਨੇ ਆਪਣੀ ਵੋਟ ਪਾਈ। ਇਸਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਵੋਟ ਪਾਈ।
ਇਸ ਵਾਰ ਮੁਕਾਬਲਾ ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਅਤੇ ਇੰਡੀਆ ਅਲਾਇੰਸ ਉਮੀਦਵਾਰ ਜਸਟਿਸ ਬੀ ਸੁਦਰਸ਼ਨ ਰੈਡੀ ਵਿਚਕਾਰ ਹੈ। ਇਹ ਚੋਣ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ 21 ਜੁਲਾਈ ਨੂੰ ਅਚਾਨਕ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇਣ ਤੋਂ ਬਾਅਦ ਹੋ ਰਹੀ ਹੈ। ਰਾਜ ਸਭਾ ਦੇ ਜਨਰਲ ਸਕੱਤਰ ਪੀਸੀ ਮੋਦੀ ਨੂੰ ਚੋਣ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬੈਲਟ ਪੇਪਰ ਨਾਲ ਗੁਪਤ ਵੋਟਿੰਗ ਹੋਵੇਗੀ। ਇਹ ਵੋਟਿੰਗ ਸਿੰਗਲ ਟ੍ਰਾਂਸਫਰੇਬਲ ਵੋਟ ਦੇ ਤਹਿਤ ਕੀਤੀ ਜਾਵੇਗੀ।
ਇੰਡੀਆ ਅਲਾਇੰਸ ਦੇ ਉਮੀਦਵਾਰ ਬੀ ਸੁਦਰਸ਼ਨ ਰੈਡੀ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ। ਅਸੀਂ ਜਿੱਤਣ ਜਾ ਰਹੇ ਹਾਂ। ਮੈਂ ਸਿਰਫ਼ ਲੋਕਾਂ ਦੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਹ ਨਹੀਂ ਕਿਹਾ ਕਿ ਕਰਾਸ-ਵੋਟਿੰਗ ਹੋਵੇਗੀ। ਮੈਨੂੰ ਨਹੀਂ ਪਤਾ ਕਿ ਕਰਾਸ-ਵੋਟਿੰਗ ਕੀ ਹੁੰਦੀ ਹੈ।
ਦੂਜੇ ਪਾਸੇ ਐਨਡੀਏ ਦੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਹੈ। ਉਨ੍ਹਾਂ ਨੇ 31 ਜੁਲਾਈ 2024 ਨੂੰ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਸਹੁੰ ਚੁੱਕੀ ਸੀ। ਆਪਣੀ ਨਿਯੁਕਤੀ ਤੋਂ ਪਹਿਲਾਂ, ਉਨ੍ਹਾਂ ਨੇ ਲਗਭਗ ਡੇਢ ਸਾਲ ਝਾਰਖੰਡ ਦੇ ਰਾਜਪਾਲ ਵਜੋਂ ਸੇਵਾ ਨਿਭਾਈ। ਝਾਰਖੰਡ ਦੇ ਰਾਜਪਾਲ ਵਜੋਂ, ਰਾਧਾਕ੍ਰਿਸ਼ਨਨ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਅਹੁਦਾ ਸੰਭਾਲਣ ਲਈ ਨਿਯੁਕਤ ਕੀਤਾ ਸੀ।
Read More: ਉਪ ਰਾਸ਼ਟਰਪਤੀ ਚੋਣ ‘ਚ ਸ਼ਾਮਲ ਨਹੀਂ ਹੋਣਗੀਆਂ ਇਹ ਦੋ ਰਾਜਨੀਤਿਕ ਪਾਰਟੀਆਂ




