ਮਲੇਸ਼ੀਆ, 21ਮਈ 2025: Malaysia Masters 2025: ਐੱਚਐੱਸ ਪ੍ਰਣਯ (HS Prannoy) ਅਤੇ ਸਤੀਸ਼ ਕਰੁਣਾਕਰਨ (Satish Karunakaran) ਨੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪ੍ਰਵੇਸ਼ ਕਰਨ ਲਈ ਪੁਰਸ਼ ਸਿੰਗਲਜ਼ ਮੈਚਾਂ ‘ਚ ਉਲਟਫੇਰ ਕੀਤਾ। ਹਾਲਾਂਕਿ, ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੂੰ ਬੁੱਧਵਾਰ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਦੇ ਪਹਿਲੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਪ੍ਰਣਯ (HS Prannoy) ਨੇ ਇਸ ਤੋਂ ਪਹਿਲਾਂ ਇੱਕ ਘੰਟਾ 22 ਮਿੰਟ ਤੱਕ ਚੱਲੇ ਇੱਕ ਔਖੇ ਮੁਕਾਬਲੇ ‘ਚ ਜਾਪਾਨ ਦੇ ਪੰਜਵਾਂ ਦਰਜਾ ਪ੍ਰਾਪਤ ਕੇਂਟਾ ਨਿਸ਼ੀਮੋਟੋ ਨੂੰ 19-21, 21-17, 21-16 ਨਾਲ ਹਰਾ ਕੇ ਦੂਜੇ ਦੌਰ ਵਿੱਚ ਜਗ੍ਹਾ ਬਣਾਈ। ਕਰੁਣਾਕਰਨ ਨੇ ਫਿਰ ਸਿਰਫ਼ 39 ਮਿੰਟਾਂ ਵਿੱਚ ਚੀਨੀ ਤਾਈਪੇ ਦੇ ਤੀਜੇ ਦਰਜੇ ਦੇ ਖਿਡਾਰੀ ਚੋਉ ਟਿਏਨ ਚੇਨ ਨੂੰ 21-13, 21-14 ਨਾਲ ਹਰਾਇਆ। ਇੱਕ ਹੋਰ ਭਾਰਤੀ ਪੁਰਸ਼ ਖਿਡਾਰੀ ਆਯੁਸ਼ ਸ਼ੈੱਟੀ ਵੀ ਅਗਲੇ ਦੌਰ (Malaysia Masters 2025) ‘ਚ ਪਹੁੰਚਣ ਵਿੱਚ ਕਾਮਯਾਬ ਰਿਹਾ। ਆਯੂਸ਼ ਨੇ ਕੈਨੇਡਾ ਦੇ ਬ੍ਰਾਇਨ ਯਾਂਗ ਨੂੰ 20-22, 21-10, 21-8 ਨਾਲ ਹਰਾਇਆ।
ਪੁਰਸ਼ ਸਿੰਗਲਜ਼ ਵਰਗ ਵਿੱਚ ਭਾਰਤ ਲਈ ਦਿਨ ਚੰਗਾ ਰਿਹਾ, ਪਰ ਮਹਿਲਾ ਵਰਗ ਵਿੱਚ ਸਿੰਧੂ ਦਾ ਮਾੜਾ ਫਾਰਮ ਜਾਰੀ ਰਿਹਾ ਅਤੇ ਉਹ ਇਸ ਸੁਪਰ 500 ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਨੂੰ ਪਾਰ ਨਹੀਂ ਕਰ ਸਕੀ। ਸਿੰਧੂ ਨੂੰ ਵੀਅਤਨਾਮ ਦੀ ਨਗੁਏਨ ਥਿਉ ਲਿੰਥ ਤੋਂ 11-21, 21-14, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।