Malaria

ਮਲੇਰੀਆ ਇੱਕ ਘਾਤਕ ਬਿਮਾਰੀ, ਇਸ ਤੋਂ ਬਚਾਅ ਜ਼ਰੂਰੀ: ਸਿਵਲ ਸਰਜਨ ਡਾ. ਕੱਕੜ

ਫਾਜ਼ਿਲਕਾ 23 ਅਪ੍ਰੈਲ 2024: ਸਿਵਲ ਸਰਜਨ ਦਫਤਰ ਵਿਚ ਡਾ. ਚੰਦਰ ਸ਼ੇਖਰ ਕੱਕੜ ਦੀ ਅਗਵਾਈ ਵਿਚ ਅੱਜ ਵਿਸ਼ਵ ਮਲੇਰੀਆ ਦਿਵਸ (World Malaria Day)ਨੂੰ ਸਮਰਪਿਤ ਇਕ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਐਫਪੀਓ ਡਾ. ਕਵਿਤਾ ਸਿੰਘ, ਡੀਆਈਓ ਡਾ. ਐਡੀਸਨ ਏਰਿਕ, ਡੀਐਮਸੀ ਇੰਚਾਰਜ ਡਾ. ਜਯੋਤੀ, ਜ਼ਿਲ੍ਹਾ ਮਹਾਂਮਾਰੀ ਅਫਸਰ ਡਾ. ਸੁਨੀਤਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਮਲੇਰੀਆ (Malaria) ਵਰਗੀ ਘਾਤਕ ਬਿਮਾਰੀ ‘ਤੇ ਕਾਬੂ ਪਾਉਣ ਲਈ ਤੁਰੰਤ ਕਾਰਵਾਈ ਕਰਨਾ ਹੈ। ਭਾਰਤ ਵਿੱਚ ਵੀ ਹਜ਼ਾਰਾਂ ਲੋਕ ਹਰ ਸਾਲ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਮਲੇਰੀਆ ਹੈ। ਮਲੇਰੀਆ ਇੱਕ ਘਾਤਕ ਬਿਮਾਰੀ ਹੈ, ਜੋ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਮਾਦਾ ਐਨੋਫਿਲੀਜ਼ ਮੱਛਰ ਆਪਣੀ ਥੁੱਕ ਰਾਹੀਂ ਪਲਾਜ਼ਮੋਡੀਅਮ ਪਰਜੀਵੀ, ਜੋ ਮਲੇਰੀਆ ਦਾ ਕਾਰਨ ਬਣਦਾ ਹੈ, ਸੰਚਾਰਿਤ ਕਰਦਾ ਹੈ।

ਹਾਲਾਂਕਿ ਇਸ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਦੋਵੇਂ ਸੰਭਵ ਹਨ। ਦੁਨੀਆ ਦੇ ਕਈ ਦੇਸ਼ ਇਸ ‘ਤੇ ਲਗਾਤਾਰ ਕੰਮ ਕਰ ਰਹੇ ਹਨ। 2000 ਅਤੇ 2014 ਦੇ ਵਿਚਕਾਰ, ਦੁਨੀਆ ਭਰ ਵਿੱਚ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ 40% ਦੀ ਕਮੀ ਆਈ ਹੈ। ਜਿਸਦਾ ਅਰਥ ਹੈ ਕਿ ਮਲੇਰੀਆ ਵਿਰੁੱਧ ਇਤਿਹਾਸਕ ਤਰੱਕੀ ਕੀਤੀ ਜਾ ਰਹੀ ਹੈ, ਲੱਖਾਂ ਜਾਨਾਂ ਬਚਾਈਆਂ ਜਾ ਰਹੀਆਂ ਹਨ।

ਡੀਐਫਪੀਓ ਡਾ. ਕਵਿਤਾ ਸਿੰਘ, ਡੀਐਮਸੀ ਡਾ. ਜਯੋਤੀ, ਡੀਆਈਓ ਡਾ. ਐਡੀਸਨ ਏਰਿਕ ਤੇ ਜ਼ਿਲ੍ਹਾ ਮਹਾਂਮਾਰੀ ਅਫਸਰ ਡਾ. ਸੁਨੀਤਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵ ਮਲੇਰੀਆ ਦਿਵਸ ਦਾ ਵਿਚਾਰ ਅਫਰੀਕਾ ਮਲੇਰੀਆ ਦਿਵਸ ਤੋਂ ਵਿਕਸਿਤ ਕੀਤਾ ਗਿਆ ਸੀ। ਅਫਰੀਕਾ ਮਲੇਰੀਆ ਦਿਵਸ (World Malaria Day) ਮੂਲ ਰੂਪ ਵਿੱਚ ਇੱਕ ਅਜਿਹਾ ਸਮਾਗਮ ਹੈ ਜੋ ਅਫਰੀਕੀ ਸਰਕਾਰਾਂ ਦੁਆਰਾ 2001 ਤੋਂ ਮਨਾਇਆ ਜਾਂਦਾ ਹੈ, ਜੋ ਕਿ ਪਹਿਲੀ ਵਾਰ 2008 ਵਿੱਚ ਆਯੋਜਿਤ ਕੀਤਾ ਗਿਆ ਸੀ।

2007 ਵਿੱਚ, ਵਿਸ਼ਵ ਸਿਹਤ ਅਸੈਂਬਲੀ ਦੇ 60ਵੇਂ ਸੈਸ਼ਨ ਵਿੱਚ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਸਪਾਂਸਰ ਕੀਤੀ ਗਈ ਇੱਕ ਮੀਟਿੰਗ ਵਿੱਚ ਪ੍ਰਸਤਾਵ ਦਿੱਤਾ ਗਿਆ ਕਿ ਅਫਰੀਕਾ ਮਲੇਰੀਆ ਦਿਵਸ ਨੂੰ ਵਿਸ਼ਵ ਮਲੇਰੀਆ ਦਿਵਸ ਵਿੱਚ ਬਦਲਿਆ ਜਾਵੇ। ਇਹ ਦੁਨੀਆ ਭਰ ਦੇ ਦੇਸ਼ਾਂ ਵਿੱਚ ਮਲੇਰੀਆ ਦੀ ਮੌਜੂਦਗੀ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ ਅਤੇ ਮਲੇਰੀਆ ਵਿਰੁੱਧ ਲੜਨ ਲਈ ਵਿਸ਼ਵ ਪੱਧਰ ‘ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਮੱਦਦ ਕਰੇਗਾ।

ਇਸ ਮੌਕੇ ਸਿਵਲ ਸਰਜਨ ਡਾ. ਕੱਕੜ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਭਰ ਵਿਚ ਮਲੇਰੀਆਂ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣ ਤੇ ਲੋਕਾਂ ਨੂੰ ਮਲੇਰੀਆਂ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਏਐਮਓ ਡਾ. ਆਮਨਾ ਕੰਬੋਜ, ਡੀਪੀਐਮ ਰਾਜੇਸ਼ ਕੁਮਾਰ, ਐਸਆਈ ਵਿਜੈ ਕੁਮਾਰ, ਮਾਸ ਮੀਡੀਆ ਤੋਂ ਦਿਵੇਸ਼ ਕੁਮਾਰ, ਹਰਮੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਸੁਖਜਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਸਵਰਨ ਸਿੰਘ, ਬੀਸੀਸੀ ਸੁਖਦੇਵ ਸਿੰਘ, ਐਲਟੀ ਸੁਨੀਤਾ ਰਾਣੀ, ਮਾਈਕ੍ਰੋਬਾਇਲੋਜਿਸਟ ਪ੍ਰਿੰਸ ਪੁਰੀ ਤੋਂ ਇਲਾਵਾ ਹੋਰ ਹਾਜਰ ਸਨ।

Scroll to Top