Aman Arora

“ਨਿਵੇਸ਼ ਲਈ ਤੁਸੀਂ ਇਰਾਦਾ ਬਣਾਓ, ਪੰਜਾਬ ਸਰਕਾਰ ਸਹਿਯੋਗ ਲਈ ਤਿਆਰ”, ਅਮਨ ਅਰੋੜਾ ਵੱਲੋਂ ਉਦਯੋਗਪਤੀਆਂ ਨੂੰ ਸੱਦਾ

ਚੰਡੀਗੜ੍ਹ, 24 ਫਰਵਰੀ 2023: ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ (Aman Arora) ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਦੇਸ਼ ਭਰ ਦੇ ਟੈਕਸਟਾਈਲ ਅਤੇ ਐਪਰਲ ਉਤਪਾਦਨ ਵਿੱਚ ਮੋਹਰੀ ਸੂਬਾ ਬਣਨ ਦੀ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ਦਾ ਸਮਰਥਨ ਕਰ ਰਹੀ ਹੈ।

ਅੱਜ ਇੱਥੇ ਇੰਡੀਆ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.), ਐਸ.ਏ.ਐਸ. ਨਗਰ (ਮੋਹਾਲੀ) ਵਿਖੇ 5ਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2023 ਦੇ ਦੂਜੇ ਦਿਨ “ਪੰਜਾਬ ਵਿੱਚ ਟੈਕਸਟਾਈਲ- ਨੀਤੀ, ਬੁਨਿਆਦੀ ਢਾਂਚਾ, ਲਿੰਕੇਜ ਅਤੇ ਰੁਝਾਨ” ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਉਦਯੋਗਪਤੀਆਂ ਨੂੰ ਪ੍ਰਸਨਲਾਈਜ਼ਡ ਟਾਸਕ ਫੋਰਸ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਦੱਸਿਆ ਕਿ ਉਦਯੋਗਪਤੀ ਇੱਕ ਟਾਸਕ ਫੋਰਸ ਬਣਾ ਸਕਦੇ ਹਨ, ਜਿਸ ਵਿੱਚ ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰੀ ਅਧਿਕਾਰੀਆਂ ਨੂੰ ਚੁਣ ਸਕਦੇ ਹਨ, ਤਾਂ ਜੋ ਉਨ੍ਹਾਂ ਦੇ ਮਸਲੇ ਜਲਦੀ ਹੱਲ ਕੀਤੇ ਜਾ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਾਂ ਦੀ ਮੰਗ ਅਨੁਸਾਰ ਪਾਣੀ ਦੇ ਖਰਚੇ ਵੀ ਘਟਾਏ ਜਾਣਗੇ। ਉਨ੍ਹਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਲਈ ਆਪਣੇ ਵਿਚਾਰ ਪੇਸ਼ ਕਰਨ ਅਤੇ ਮਾਨ ਸਰਕਾਰ ਇਨ੍ਹਾਂ ਵਿਚਾਰਾਂ ਦਾ ਸਵਾਗਤ ਕਰੇਗੀ।

ਅਮਨ ਅਰੋੜਾ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਵੇਗਾ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਨਵੀਆਂ ਲੀਹਾਂ ‘ਤੇ ਲਿਜਾਣ ਵਿੱਚ ਮਦਦ ਮਿਲੇਗੀ। ਪੰਜਾਬ ਸਰਕਾਰ ਦੇ ਪਾਰਦਰਸ਼ੀ ਅਤੇ ਇਮਾਨਦਾਰ ਸ਼ਾਸਨ ਦੇ ਮਾਡਲ ਕਾਰਨ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ।

ਅਮਨ ਅਰੋੜਾ (Aman Arora) ਨੇ ਕਿਹਾ ਕਿ ਉਦਯੋਗਾਂ ਨੂੰ ਸਿਰਫ਼ ਸਪੋਰਟਿਵ ਪ੍ਰਣਾਲੀ ਅਤੇ ਅਨੁਕੂਲ ਵਾਤਾਵਰਣ ਚਾਹੀਦਾ ਹੈ ਅਤੇ ਮਾਨ ਸਰਕਾਰ ਪਹਿਲਾਂ ਹੀ ਉਦਯੋਗਾਂ ਨੂੰ ਸਾਜ਼ਗਾਰ ਮਾਹੌਲ ਅਤੇ ਹੁਨਰਮੰਦ ਕਿਰਤੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਾਰੋਬਾਰ ਕਰਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲ੍ਹੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਟੈਕਸਟਾਈਲ ਅਤੇ ਐਪਰਲ ਉਦਯੋਗ ਲਈ ਪ੍ਰਸਿੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਟੈਕਸਟਾਈਲ ਅਤੇ ਐਪਰਲ ਦੀਆਂ 1,200 ਯੂਨਿਟਾਂ ਹਨ, ਜਿਹਨਾਂ ਵਿੱਚ 1.2 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ ‘ਤੇ ਰੋਜ਼ਗਾਰ ਮਿਲਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਟ੍ਰਾਈਡੈਂਟ, ਨਾਹਰ, ਵਰਧਮਾਨ, ਸ਼ਿੰਗੋਰਾ, ਸਪੋਰਟਕਿੰਗ, ਨਿਵੀਆ, ਸਾਵੀ, ਅਵਨੀ ਟੈਕਸਟਾਈਲਜ਼, ਜੇਸੀਟੀ ਮਿੱਲਜ਼, ਅਤੇ ਇੰਡੀਅਨ ਐਕਰੀਲਿਕਸ ਸਮੇਤ ਪ੍ਰਮੁੱਖ ਟੈਕਸਟਾਈਲ ਦਿੱਗਜ਼ ਹਨ ਅਤੇ ਹਾਲ ਹੀ ਵਿੱਚ ਸਨਾਥਨ ਟੈਕਸਟਾਈਲ ਨੇ ਸੂਬੇ ਵਿੱਚ 1600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਨੇ ਜ਼ਾਰਾ, ਐਚ ਐਂਡ ਐਮ ਤੋਂ ਲੈ ਕੇ ਜੇਸੀ ਪੈਨੀ ਵਰਗੇ ਅੰਤਰਰਾਸ਼ਟਰੀ ਬ੍ਰਾਂਡਾਂ ਲਈ ਕੱਪੜੇ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵਰਤੀਆਂ ਜਾ ਰਹੀਆਂ ਨੈੱਟ ਬਾਲਾਂ ਤਿਆਰ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਟੈਕਸਟਾਈਲ ਖੇਤਰ ਵਿੱਚ 11 ਪ੍ਰਮੁੱਖ ਵਿਸ਼ੇਸ਼ ਖੋਜ ਸੰਸਥਾਵਾਂ ਹਨ। ਇਸ ਤੋਂ ਇਲਾਵਾ, ਪੰਜਾਬ ਵਿੱਚ ਲਗਭਗ 80,000 ਵਿਦਿਆਰਥੀਆਂ ਦੇ ਦਾਖਲੇ ਦੀ ਸਮਰੱਥਾ ਵਾਲੀਆਂ 350 ਤੋਂ ਵੱਧ ਆਈ.ਟੀ.ਆਈਜ਼. ਹਨ ਜਿਨ੍ਹਾਂ ਵਿੱਚ ਟੈਕਸਟਾਈਲ ਅਤੇ ਐਪਰਲ ਸੈਕਟਰ ਕੋਰਸਾਂ ਸਮੇਤ 70 ਤੋਂ ਵੱਧ ਕੋਰਸ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਸੂਬੇ ਵਿੱਚ 60,000 ਸਿਖਲਾਈ ਸਮਰੱਥਾ ਵਾਲੇ 1,000 ਤੋਂ ਵੱਧ ਹੁਨਰ ਵਿਕਾਸ ਕੇਂਦਰ ਹਨ। ਟੈਕਸਟਾਈਲ ਅਤੇ ਅਪਰੈਲ ਸੈਕਟਰ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 250 ਸਿਖਲਾਈ ਭਾਈਵਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ।

ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਐਮ ਡੀ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਸੂਬੇ ਦੀ ਉਦਯੋਗਿਕ ਨੀਤੀ ਸਮੇਂ ਦੀ ਲੋੜ ਅਨੁਸਾਰ ਤਿਆਰ ਕੀਤੀ ਗਈ ਹੈ। ਪੰਜਾਬ ਲੈਂਡ ਡਿਵੈਲਪਮੈਂਟ ਚਾਰਜਿਜ਼ ਅਤੇ ਸਟੈਂਪ ਡਿਊਟੀ ਚਾਰਜ ਤੋਂ 100 ਫ਼ੀਸਦ ਛੋਟ/ਮੁਆਵਜ਼ਾ ਦੇਣ ਤੋਂ ਇਲਾਵਾ ਬਿਜਲੀ ਡਿਊਟੀ ਵਿੱਚ ਛੋਟ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਟੈਕਸਟਾਈਲ ਉਤਪਾਦਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਸੂਬਾ ਸਰਕਾਰ ਛੋਟੇ ਅਤੇ ਦਰਮਿਆਨੇ ਉੱਦਮੀਆਂ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ।

ਕੈਬਨਿਟ ਮੰਤਰੀ ਵੱਲੋਂ ਪੈਨਲਿਸਟਸ ਐਮ.ਡੀ. ਸਨਾਥਨ ਟੈਕਸਟਾਈਲਜ਼ ਪਰੇਸ਼ ਦੱਤਾਨੀ, ਸੀ ਈ ਓ ਸਾਵੀ ਐਕਸਪੋਰਟਸ ਮੁਕੁਲ ਵਰਮਾ, ਚੇਅਰਮੈਨ ਸੀ.ਆਈ.ਆਈ. ਅਤੇ ਪ੍ਰਧਾਨ ਗੰਗਾ ਐਕਰੋਵੂਲਜ਼ ਅਮਿਤ ਥਾਪਰ ਅਤੇ ਐਮ ਡੀ ਸ਼ਿੰਗੋਰਾ ਟੈਕਸਟਾਈਲਜ਼ ਅਮਿਤ ਜੈਨ ਦਾ ਸਨਮਾਨਿਤ ਕੀਤਾ ਗਿਆ।

Scroll to Top